ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ; ਤਿੰਨ ਜ਼ਖਮੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੁਲਾਈ
ਅੰਮ੍ਰਿਤਸਰ -ਅਟਾਰੀ ਰੋਡ ’ਤੇ ਬੀਤੀ ਰਾਤ ਵਾਪਰੇ ਇੱਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਮਰਨ ਵਾਲੇ ਵਿਅਕਤੀਆਂ ਦੀ ਪਛਾਣ ਬਿਕਰਮ ਸਿੰਘ ਵਾਸੀ ਨਿਊ ਅੰਮ੍ਰਿਤਸਰ, ਮਨੀਸ਼ ਕੁਮਾਰ ਵਾਸੀ ਗੁਰੂ ਅਮਰਦਾਸ ਕਲੋਨੀ ਅਤੇ ਕਮਲਪ੍ਰੀਤ ਸਿੰਘ ਵਾਸੀ ਭੱਲਾ ਕਲੋਨੀ ਵਜੋ ਹੋਈ ਹੈ। ਪੁਲੀਸ ਸੂਤਰਾਂ ਦੇ ਮੁਤਾਬਕ ਮਰਨ ਵਾਲੇ ਇਹ ਤਿੰਨੋਂ ਵਿਅਕਤੀ ਖਾਸਾ ਤੋਂ ਅਟਾਰੀ ਵੱਲ ਕਾਰ ਰਾਹੀਂ ਜਾ ਰਹੇ ਸਨ ਅਤੇ ਕਾਰ ਨੂੰ ਬਿਕਰਮ ਸਿੰਘ ਚਲਾ ਰਿਹਾ ਸੀ। ਕਾਰ ਦੀ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜਿਸ ਨੂੰ ਉਹ ਕੰਟਰੋਲ ਨਹੀਂ ਕਰ ਸਕੇ ਅਤੇ ਇਹ ਕਾਰ ਅੱਗੇ ਚੱਲ ਰਹੀ ਇੱਕ ਟਰੈਕਟਰ ਟਰਾਲੀ ਦੇ ਪਿੱਛੇ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਟਰੈਕਟਰ ਟਰਾਲੀ ਦੇ ਹੇਠਾਂ ਜਾ ਵੱਜੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਟਰਾਲੀ ਵੀ ਟਰੈਕਟਰ ਤੋਂ ਵੱਖ ਹੋ ਗਈ ਅਤੇ ਪਲਟ ਗਈ, ਜਿਸ ਨਾਲ ਟਰੈਕਟਰ ’ਤੇ ਸਵਾਰ ਤਿੰਨ ਵਿਅਕਤੀ ਵੀ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਪੁਲੀਸ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਬਿਕਰਮ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੇ ਦਾਦਾ ਦਾ ਇਥੇ ਅੰਮ੍ਰਿਤਸਰ ਅਟਾਰੀ ਰੋਡ ’ਤੇ ਪੈਟਰੋਲ ਪੰਪ ਹੈ। ਮਨੀਸ਼ ਅਤੇ ਕਮਲਪ੍ਰੀਤ ਇੱਥੇ ਉਸ ਦੇ ਪੈਟਰੋਲ ਪੰਪ ’ਤੇ ਕੰਮ ਕਰਦੇ ਸਨ।