ਨੌਜਵਾਨ ਦੇ ਕਤਲ ਮਾਮਲੇ ਵਿੱਚ ਔਰਤ ਸਣੇ ਤਿੰਨ ਗ੍ਰਿਫ਼ਤਾਰ
ਥਾਣਾ ਸੁਲਤਾਨਵਿੰਡ ਦੇ ਖੇਤਰ ਵਿੱਚ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਔਰਤ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰੇਮ ਸਿੰਘ ਪ੍ਰੇਮਾ ਅਤੇ ਜੱਸਾ ਨਿਹੰਗ ਵਾਸੀ ਜਲੰਧਰ ਅਤੇ ਰੂਪਾ ਵਜੋਂ ਹੋਈ ਹੈ। ਪੁਲੀਜ਼ ਕਮਿਸ਼ਨਰ ਗੁਰਪ੍ਰੀਤ ਸਿੰਘ...
ਥਾਣਾ ਸੁਲਤਾਨਵਿੰਡ ਦੇ ਖੇਤਰ ਵਿੱਚ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਔਰਤ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰੇਮ ਸਿੰਘ ਪ੍ਰੇਮਾ ਅਤੇ ਜੱਸਾ ਨਿਹੰਗ ਵਾਸੀ ਜਲੰਧਰ ਅਤੇ ਰੂਪਾ ਵਜੋਂ ਹੋਈ ਹੈ। ਪੁਲੀਜ਼ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 28 ਨਵੰਬਰ ਦੀ ਰਾਤ ਨੂੰ ਅਜੇਪਾਲ ਸਿੰਘ ਨਾਂ ਦੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਮ੍ਰਿਤਕ ਦੀ ਮਾਂ ਮਨਜੀਤ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੀ ਧੀ ਕੋਮਲਪ੍ਰੀਤ ਜਿਸ ਦਾ ਵਿਆਹ ਸੈਮੂਅਲ ਮਸੀਹ ਉਰਫ ਹੈਪੀ ਦੇ ਨਾਲ ਹੋਇਆ ਸੀ। ਹੈਪੀ ਦੇ ਆਪਣੇ ਹੀ ਮੁਹੱਲੇ ਵਿੱਚ ਰਹਿੰਦੀ ਇੱਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਉਹ ਕੁਝ ਦਿਨਾਂ ਤੋਂ ਘਰ ਵਾਪਸ ਨਹੀਂ ਪਰਤਿਆ ਸੀ। 28 ਨਵੰਬਰ ਨੂੰ ਮਨਜੀਤ ਕੌਰ ਦਾ ਪੁੱਤਰ ਅਜੇਪਾਲ ਅਤੇ ਹੋਰ ਰੂਪਾ ਦੇ ਘਰ ਗਏ ਸਨ ਅਤੇ ਸੈਮੂਅਲ ਮਸੀਹ ਉਰਫ ਹੈਪੀ ਬਾਰੇ ਪੁੱਛ-ਗਿੱਛ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਰੂਪਾ ਨੇ ਆਪਣੇ ਘਰ ਪਹਿਲਾਂ ਹੀ ਕੁਝ ਨਿਹੰਗ ਵਿਅਕਤੀ ਬੁਲਾਏ ਹੋਏ ਸਨ ਜਿਨ੍ਹਾਂ ਨੇ ਅਜੇਪਾਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਜੋ ਉਸ ਲਈ ਜਾਨਲੇਵਾ ਸਾਬਤ ਹੋਈਆਂ। ਘਟਨਾ ਬਾਅਦ ਹਮਲਾਵਰ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਕਿ ਇਨ੍ਹਾਂ ਦਾ ਇੱਕ ਹੋਰ ਸਾਥੀ ਫਰਾਰ ਹੈ।

