ਸਰਹੱਦ ਪਾਰੋਂ ਹਥਿਆਰ ਤਸਕਰੀ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜੂਨ
ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਸਰਹੱਦ ਪਾਰੋਂ ਹਥਿਆਰ ਤਸਕਰੀ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਹਥਿਆਰ ਅਤੇ ਤਿੰਨ ਮੋਬਾਈਲ ਫੋਨ ਜ਼ਬਤ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਉਰਫ਼ ਦਾਨੀ ਵਾਸੀ ਰੋਖੇ ਪਿੰਡ, ਗੁਰਪਾਲ ਸਿੰਘ ਉਰਫ਼ ਹੀਰਾ ਵਾਸੀ ਡੋਡੇ ਪਿੰਡ ਅਤੇ ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਠੱਠੀ ਜੈਮਲ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਦੇ ਹਥਿਆਰ ਤਸਕਰਾਂ ਸਲਮਾਨ ਅਤੇ ਅਰਮਾਨ ਜੱਟ ਦੇ ਸੰਪਰਕ ਵਿੱਚ ਸਨ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਸਪੈਸ਼ਲ ਸੈੱਲ ਟੀਮ ਨੇ ਖੁਫੀਆ ਜਾਣਕਾਰੀ ਤੋਂ ਬਾਅਦ ਪਿੰਡ ਤੋਲਾ ਨੰਗਲ ਵਿੱਚ ਛਾਪਾ ਮਾਰਿਆ। ਮੁਲਜ਼ਮਾਂ ਦੀ ਕਾਰ ’ਚੋਂ ਤੋਂ ਆਸਟਰੀਆ ਦੇ ਬਣੇ 3 ਗਲੌਕ ਪਿਸਤੌਲ, ਤਿੰਨ .30 ਬੋਰ ਦੇ ਪਿਸਤੌਲ, ਅੱਠ ਕਾਰਤੂਸ, ਤਿੰਨ ਮੋਬਾਈਲ ਫੋਨ ਤੇ ਬਿਨਾਂ ਨੰਬਰ ਪਲੇਟ ਵਾਲੀ ਕਾਰ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਵਿਰੁੱਧ ਰਾਜਾਸਾਂਸੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਇਸ ਦੌਰਾਨ ਦਿਹਾਤੀ ਪੁਲੀਸ ਨੇ ਅਟਾਰੀ ਸਰਹੱਦੀ ਕਸਬੇ ਦੇ ਰਹਿਣ ਵਾਲੇ ਅਜੈ ਸਿੰਘ ਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋ ਦੋ ਗਲੌਕ ਪਿਸਤੌਲ ਤੇ ਇੱਕ ਆਟੋ-ਰਿਕਸ਼ਾ ਬਰਾਮਦ ਕੀਤਾ ਹੈ। ਐੱਸਐੱਸਪੀ ਨੇ ਕਿਹਾ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਇਹ ਦੋਵੇਂ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਸੇ ਤਰ੍ਹਾਂ ਰਾਜਾਸਾਂਸੀ ਪੁਲੀਸ ਨੇ ਇਕ ਵੱਖਰੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਬਾਲ ਪਿੰਡ ਦੇ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਤਾਹਿਰਪੁਰ ਦੇ ਕਮਲਪ੍ਰੀਤ ਸਿੰਘ ਕੋਲੋਂ ਦੋ ਦੇਸੀ ਪਿਸਤੌਲਾਂ ਤੇ .315 ਬੋਰ ਦੀ ਗੋਲੀ ਬਰਾਮਦ ਕੀਤੀ ਹੈ।