ਧੋਖਾਧੜੀ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਕੈਦ
ਪੱਤਰ ਪ੍ਰੇਰਕ
ਪਠਾਨਕੋਟ, 27 ਮਾਰਚ
ਇੱਥੋਂ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ ਵਿੱਚ 3 ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹੈ। ਤਿੰਨਾਂ ਮੁਲਜ਼ਮਾਂ ਵਿੱਚ ਸੁਲਕਸ਼ਣਾ ਸ਼ਰਮਾ, ਉਸ ਦਾ ਪਤੀ ਰਾਕੇਸ਼ ਕੁਮਾਰ ਤੇ ਜੇਠ ਅਸ਼ਵਨੀ ਸ਼ਰਮਾ ਵਾਸੀਆਨ ਸੁਜਾਨਪੁਰ ਸ਼ਾਮਲ ਹਨ। ਇੱਥੋਂ ਦੇ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਵਾਸੀ ਪੀੜਤ ਸੇਵਾਮੁਕਤ ਕੈਪਟਨ ਪ੍ਰਿਥਵੀਰਾਜ ਨੇ ਅਦਾਲਤੀ ਫੈਸਲੇ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੀ ਸੁਲਕਸ਼ਣਾ ਸ਼ਰਮਾ, ਉਸ ਦਾ ਪਤੀ ਰਾਜੇਸ਼ ਕੁਮਾਰ ਅਤੇ ਜੇਠ ਅਸ਼ਵਨੀ ਕੁਮਾਰ ਪਿਛਲੇ 15 ਸਾਲਾਂ ਤੋਂ ਆਪਣੇ ਘਰ ਵਿੱਚ ਚਿਟਫੰਡ ਦਾ ਕਾਰੋਬਾਰ ਚਲਾ ਰਹੇ ਸਨ। ਉਨ੍ਹਾਂ 43 ਕਮੇਟੀ ਮੈਂਬਰਾਂ ਨੂੰ 1 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਦੇਣੀ ਸੀ ਪਰ ਉਨ੍ਹਾਂ ਦੇਣਦਾਰੀ ਤੋਂ ਬਚਣ ਲਈ ਆਪਣੇ ਘਰ ਵਿੱਚ ਚੋਰੀ ਦਾ ਡਰਾਮਾ ਕਰਕੇ ਫਰਜ਼ੀ ਮਾਮਲਾ ਪੁਲੀਸ ਥਾਣਾ ਸੁਜਾਨਪੁਰ ਵਿੱਚ ਦਰਜ ਕਰਵਾ ਦਿੱਤਾ। ਉਸ ਨੇ ਅੱਗੇ ਦੱਸਿਆ ਕਿ ਉਸ ਨੇ 42 ਹੋਰ ਕਮੇਟੀ ਮੈਂਬਰਾਂ ਨਾਲ ਮਿਲ ਕੇ ਸੁਲਕਸ਼ਣਾ ਸ਼ਰਮਾ, ਰਾਜੇਸ਼ ਕੁਮਾਰ ਅਤੇ ਅਸ਼ਵਨੀ ਕੁਮਾਰ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਕਰਨ ਤੋਂ ਬਾਅਦ ਐਫਆਈਆਰ 16/2019 ਤਹਿਤ 28 ਮਾਰਚ 2019 ਨੂੰ ਧਾਰਾ 420 ਆਈਪੀਸੀ, 120-ਬੀ, 406 ਅਤੇ ਚਿਟਫੰਡ ਅਧਿਨਿਯਮ ਦੀ ਧਾਰਾ 76 ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ।