ਅੰਮ੍ਰਿਤਸਰ ਦੀ ਟੈਕਸਟਾਈਲ ਸਨਅਤ ਦਾ ਮਾੜਾ ਹਾਲ: ਔਜਲਾ
ਅਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿੱਚ ਲਿਖਤੀ ਪ੍ਰਸ਼ਨ ਰਾਹੀਂ ਸ਼ਹਿਰ ਦੀ ਟੈਕਸਟਾਈਲ ਇੰਡਸਟਰੀ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਕਿਹੜੀਆਂ ਪਰਿਸਥਿਤੀਆਂ ਰਹੀਆਂ, ਜਿਨ੍ਹਾਂ ਕਾਰਨ ਉੱਤਰ ਭਾਰਤ...
ਅਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿੱਚ ਲਿਖਤੀ ਪ੍ਰਸ਼ਨ ਰਾਹੀਂ ਸ਼ਹਿਰ ਦੀ ਟੈਕਸਟਾਈਲ ਇੰਡਸਟਰੀ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਕਿਹੜੀਆਂ ਪਰਿਸਥਿਤੀਆਂ ਰਹੀਆਂ, ਜਿਨ੍ਹਾਂ ਕਾਰਨ ਉੱਤਰ ਭਾਰਤ ਦੀ ਸ਼ਾਨ ਮੰਨੀ ਜਾਣ ਵਾਲੀ ਇਹ ਇੰਡਸਟਰੀ ਲਗਪਗ ਸਮਾਪਤ ਹੋ ਗਈ। ਉਨ੍ਹਾਂ ਨੇ ਅਮ੍ਰਿਤਸਰ ਲਈ ਆਪਣੇ ਵਿਜ਼ਨ ਦਾ ਜ਼ਿਕਰ ਕਰਦੇ ਹੋਏ ਟੈਕਸਟਾਈਲ ਇੰਡਸਟਰੀ ਲਈ ਖਾਸ ਪੈਕੇਜ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਨੇ ਆਪਣੇ ਪ੍ਰਸ਼ਨ ਵਿੱਚ ਲਿਖਿਆ ਕਿ ਅਮ੍ਰਿਤਸਰ ਦੀਆਂ ਉੱਨੀ ਮਿੱਲਾਂ, ਸ਼ਾਲ ਇੰਡਸਟਰੀ ਅਤੇ ਡਾਇੰਗ ਯੂਨਿਟਾਂ ਇੱਕ ਸਮੇਂ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਹਾਰਾ ਸਨ ਪਰ ਪਿਛਲੇ ਦੋ ਦਹਾਕਿਆਂ ਵਿੱਚ ਪੂਰਾ ਉਦਯੋਗ ਹੌਲੀ-ਹੌਲੀ ਖਤਮ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਹੱਦੀ ਜ਼ਿਲ੍ਹਾ ਹੋਣ ਦਾ ਹਵਾਲਾ ਦੇ ਕੇ ਅਮ੍ਰਿਤਸਰ ਨੂੰ ਯੋਜਨਾਵਾਂ ਵਿੱਚ ਪਿੱਛੇ ਰੱਖਿਆ ਗਿਆ, ਜਦੋਂਕਿ ਇਸ ਖੇਤਰ ਨੂੰ ਰੁਜ਼ਗਾਰ ਅਤੇ ਉਦਯੋਗਿਕ ਗਤੀਵਿਧੀਆਂ ਦੀ ਸਭ ਤੋਂ ਵੱਧ ਲੋੜ ਸੀ। ਉਨ੍ਹਾਂ ਨੇ ਕੇਂਦਰ ਤੋਂ ਅਮ੍ਰਿਤਸਰ ਦੇ ਟੈਕਸਟਾਈਲ ਕੇਂਦਰ ਨੂੰ ਦੁਬਾਰਾ ਜਿੰਦਾ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਸਪਸ਼ਟੀਕਰ ਮੰਗਿਆ।
ਕੇਂਦਰ ਸਰਕਾਰ ਨੇ ਆਪਣੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਪੰਜਾਬ ਵਿੱਚ ਤਿੰਨ ਟੈਕਸਟਾਈਲ ਪਾਰਕ ਮਨਜ਼ੂਰ ਕੀਤੇ ਗਏ ਹਨ ਅਤੇ ਅਮ੍ਰਿਤਸਰ ਦੀਆਂ ਕੁਝ ਯੂਨਿਟਾਂ ਨੂੰ ਯੋਜਨਾ ਹੇਠ ਸਬਸਿਡੀ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਕਿ ਐੱਸ ਆਈ ਡੀ ਬੀ ਨੇ ਅਮ੍ਰਿਤਸਰ ਨੂੰ ਸੰਭਾਵਿਤ ਟੈਕਸਟਾਈਲ ਕਲੱਸਟਰ ਵਜੋਂ ਚਿੰਨ੍ਹਿਤ ਕੀਤਾ ਹੈ। ਸ੍ਰੀ ਔਜਲਾ ਨੇ ਅਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਲਈ ਖਾਸ ਰਾਹਤ ਪੈਕੇਜ ਦਾ ਤੁਰੰਤ ਐਲਾਨ ਕੀਤਾ ਜਾਣਾ ਚਾਹੀਦਾ ਹੈ।

