ਹਾਦਸੇ ’ਚ ਮਰੇ ਵਿਅਕਤੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਲਾਇਆ ਧਰਨਾ ਸਮਾਪਤ
ਪ੍ਰਸ਼ਾਸਨਿਕ ਅਧਿਕਾਰੀਆਂ ਦੇ ਯਤਨਾਂ ਨਾਲ ਮਾਮਲਾ ਹੱਲ
ਮਕਬੂਲ ਅਹਿਮਦ/ ਸੁੱਚਾ ਸਿੰਘ ਪਸਨਾਵਾਲ
ਕਾਦੀਆਂ/ਧਾਰੀਵਾਲ, 18 ਜੂਨ
ਇੱਥੇ ਮੋਟਰਸਾਈਕਲ ਹਾਦਸੇ ਵਿੱਚ ਬੀਤੇ ਦਿਨੀਂ ਜ਼ਖ਼ਮੀ ਹੋਏ ਲਖਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਜਿਸਦੀ ਲਾਸ਼ ਪਰਿਵਾਰਕ ਮੈਂਬਰਾਂ ਵੱਲੋਂ ਗੁਰਲਾਲ ਮਨਿਆਰੀ ਦੀ ਦੁਕਾਨ ਅੰਦਰ ਰੱਖ ਕੇ ਲਗਾਇਆ ਗਿਆ ਧਰਨਾ ਬਟਾਲਾ ਦੇ ਤਹਿਸੀਲਦਾਰ ਅਰਜੁਨ ਸਿੰਘ ਗੁਰਾਇਆ ਅਤੇ ਕਾਦੀਆਂ ਦੇ ਨਾਇਬ ਤਹਿਸੀਲਦਾਰ ਸਤਨਾਮ ਸਿੰਘ ਦੀ ਕੋਸ਼ਿਸ਼ਾਂ ਸਦਕਾ ਸਮਾਪਤ ਹੋ ਗਿਆ। ਇਸ ਸਬੰਧੀ ਨਾਇਬ ਤਹਿਸੀਲਦਾਰ ਕਾਦੀਆਂ ਸਤਨਾਮ ਸਿੰਘ ਨੇ ਦੱਸਿਆ ਕਿ ਡੀਸੀ ਗੁਰਦਾਸਪੁਰ ਦੇ ਹੁਕਮਾਂ ’ਤੇ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਨੇ ਡੀਐੱਸਪੀ ਹਰੀਸ਼ ਬਹਿਲ, ਗੁਰਮੀਤ ਸਿੰਘ ਅਤੇ ਸ਼ਹਿਰ ਦੇ ਮੋਹਤਬਰਾਂ ਦੀ ਮੌਜੂਦਗੀ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਦੁਕਾਨ ਮਾਲਕ ਸੰਜੀਵ ਕੁਮਾਰ ਨਾਲ ਗੱਲਬਾਤ ਕੀਤੀ ਜਿਸ ਵਿੱਚ ਕਾਮਯਾਬੀ ਮਿਲੀ ਅਤੇ ਆਪਸੀ ਰਜ਼ਾਮੰਦੀ ਨਾਲ ਦੁਕਾਨ ਅੰਦਰ ਲਾਸ਼ ਰੱਖ ਕੇ ਪ੍ਰਦਰਸ਼ਨ ਕਰ ਰਹੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਲਾਸ਼ ਨੂੰ ਸਸਕਾਰ ਲਈ ਲੈ ਗਏ। ਧਰਨਾ ਚੁੱਕਣ ਮਗਰੋਂ ਬੁੱਟਰ ਰੋਡ ਉਪਰ ਆਵਾਜਾਈ ਬਹਾਲ ਹੋ ਗਈ ਹੈ।
ਬਟਾਲਾ ਦੇ ਤਹਿਸੀਲਦਾਰ ਅਰਜੁਨ ਸਿੰਘ ਗੁਰਾਇਆ ਅਤੇ ਕਾਦੀਆਂ ਦੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਦੀ ਸੂਝ-ਬੂਝ ਨਾਲ ਧਰਨਾ ਆਪਸੀ ਸਹਿਮਤੀ ਨਾਲ ਸਮਾਪਤ ਹੋ ਗਿਆ। ਨਾਇਬ ਤਹਿਸੀਲਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਲਾਲ ਮਨਿਆਰੀ ਸਟੋਰ ਕਾਦੀਆਂ ’ਚ ਇਸ ਸਾਲ ਜਨਵਰੀ ਮਹੀਨੇ ਵਿੱਚ ਅੱਗ ਲੱਗ ਗਈ ਸੀ ਜਿਸ ’ਤੇ ਦੁਕਾਨ ਮਾਲਕ ਸੰਜੀਵ ਕੁਮਾਰ ਨੇ ਲਖਵਿੰਦਰ ਸਿੰਘ ਅਤੇ ਉਸ ਦੇ ਕੁੱਝ ਨਜ਼ਦੀਕੀ ਰਿਸ਼ਤੇਦਾਰਾਂ ਖ਼ਿਲਾਫ਼ ਕਾਦੀਆਂ ਥਾਣੇ ’ਚ ਐੱਫ਼ਆਈਆਰ ਦਰਜ ਕਰਵਾਈ ਸੀ ਜਦਕਿ ਹਾਈ ਕੋਰਟ ਤੋਂ ਇਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਉਨ੍ਹਾਂ ਦੱਸਿਆ ਕਿ ਸੰਜੀਵ ਕੁਮਾਰ ਵੱਲੋਂ ਜੋ ਐੱਫ਼ਆਈਆਰ ਦਰਜ ਕਰਵਾਈ ਗਈ ਸੀ, ਉਹ ਕੇਸ ਵਾਪਸ ਲੈਣ ਦਾ ਸਮਝੌਤਾ ਵੀ ਹੋ ਗਿਆ ਹੈ। ਦੂਜੇ ਪਾਸੇ, ਕੁੱਝ ਹਫ਼ਤੇ ਪਹਿਲਾਂ ਮੋਟਰਸਾਈਕਲ ’ਤੇ ਜਾ ਰਿਹਾ ਲਖਵਿੰਦਰ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਰਿਹਾ ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਮ੍ਰਿਤਕ ਲਖਵਿੰਦਰ ਸਿੰਘ ਦੇ ਪਰਿਵਾਰ ਨੇ ਸੰਜੀਵ ਕੁਮਾਰ ’ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਸੱਟਾਂ ਮਰਵਾ ਕੇ ਲਖਵਿੰਦਰ ਸਿੰਘ ਨੂੰ ਜ਼ਖ਼ਮੀ ਕੀਤਾ ਸੀ ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਗਈ। ਸੰਜੀਵ ਕੁਮਾਰ ਨੇ ਦੱਸਿਆ ਕਿ ਸੇਖਵਾਂ ਪੁਲੀਸ ਨੇ ਇਸ ਮਾਮਲੇ ਵਿੱਚ ਸਬੂਤਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਬੇਕਸੂਰ ਦੱਸਿਆ ਹੈ। ਲਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਸਮਰਥਕਾਂ ਨੇ ਬੁਟਰ ਰੋਡ ’ਤੇ ਜਾਮ ਲਾ ਕੇ ਸੰਜੀਵ ਕੁਮਾਰ ਦੀ ਦੁਕਾਨ ਅੰਦਰ ਲਾਸ਼ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।

