ਗੁਰਦੁਆਰਾ ਬੁਰਜ ਸਾਹਿਬ ਦੇ ਨਵੇਂ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 29 ਜੂਨ
ਇੱਥੇ ਗੁਰੂ ਅਰਜਨ ਦੇਵ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਦੇ ਨਵ-ਨਿਰਮਾਣ ਮੁੱਖ ਦਰਬਾਰ ਵਿੱਚ ਅੱਜ ਪੂਰੇ ਅਦਬ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਇਲਾਕੇ ਭਰ ਅਤੇ ਦੂਰ ਦੁਰਾਡੇ ਤੋਂ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਏ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਪੁਰਾਣੇ ਦਰਬਾਰ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਵ-ਨਿਰਮਾਣ ਮੁੱਖ ਦਰਬਾਰ ਵਿੱਚ ਸੁਸ਼ੋਭਿਤ ਕੀਤਾ ਗਿਆ। ਇਸ ਸਮੇਂ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਖੁਸ਼ੀ ’ਚ ਆਤਿਸ਼ਬਾਜ਼ੀ ਚਲਾਈ। ਨਵੇਂ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਮੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਭਾਈ ਸਰਵਣ ਸਿੰਘ ਨੇ ਅਰਦਾਸ ਕੀਤੀ। ਉਪਰੰਤ ਭਾਈ ਜਸਵਿੰਦਰ ਸਿੰਘ ਕਲੇਰ ਨੇ ਹੁਕਮਨਾਮਾ ਸਾਹਿਬ ਲਿਆ। ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਨਵੇਂ ਦਰਬਾਰ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਬੁਰਜ ਸਾਹਿਬ ਦੇ ਮੁੱਖ ਦਰਬਾਰ ਦੇ ਨਵ ਨਿਰਮਾਣ ਲਈ ਕਾਰਸੇਵਾ 27 ਸਤੰਬਰ 2015 ਨੂੰ ਆਰੰਭ ਹੋਈ ਸੀ। ਸ਼੍ਰੋਮਣੀ ਕਮੇਟੀ ਵਲੋਂ ਬਾਬਾ ਜਗੀਰ ਸਿੰਘ, ਬਾਬਾ ਸਤਨਾਮ ਸਿੰਘ ਤੇ ਬਾਬਾ ਜੋਗਾ ਸਿੰਘ ਕਾਰਸੇਵਾ ਗੁਰੂ ਕੇ ਬਾਗ ਵਾਲਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਦਰਬਾਰ ਲਗਪਗ 10 ਸਾਲਾਂ ਵਿੱਚ ਵਿਲੱਖਣ ਰੂਪ ਵਿੱਚ ਤਿਆਰ ਹੋਇਆ ਹੈ। ਪ੍ਰਧਾਨ ਧਾਮੀ ਨੇ ਕਿਹਾ ਸ਼੍ਰੋਮਣੀ ਕਮੇਟੀ ਵਲੋਂ ਨਿਸਚੈ ਐਕਡਮੀ ਚੰਡੀਗੜ੍ਹ ਅਤੇ ਪਟਿਆਲਾ ਵਿੱਚ ਅੰਮ੍ਰਿਤਧਾਰੀ ਬੱਚਿਆਂ ਨੂੰ ਆਈਪੀਐੱਸ, ਪੀਸੀਐੱਸ ਅਤੇ ਜੁਡੀਸ਼ਲ ਦੀ ਤਿਆਰੀ ਲਈ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਗੁਰਦੁਆਰਿਆਂ ਵਿੱਚ ਮਹਿੰਗੇ ਰੁਮਾਲੇ ਭੇਟ ਕਰਨ ਦੀ ਬਜਾਏ ਇਹ ਪੈਸੇ ਉਕਤ ਅਕੈਡਮੀਆਂ ਵਿੱਚ ਪੜ੍ਹ ਰਹੇ ਅੰਮ੍ਰਿਤਧਾਰੀ ਬੱਚਿਆਂ ਲਈ ਖਰਚ ਕੀਤੇ ਜਾਣ। ਉਨ੍ਹਾਂ ਨੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਸਿਰੇਪੋ ਨਾਲ ਸਨਮਾਨਿਤ ਕਰਨ ਜਾਂ ਕਰਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਵੱਖ ਵੱਖ ਰਾਗੀ, ਢਾਡੀ, ਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ’ਚ ਗੁਰਨਾਮ ਸਿੰਘ ਜੱਸਲ, ਬੀਬੀ ਜਸਬੀਰ ਕੌਰ ਜਫ਼ਰਵਾਲ, ਸੁਰਜੀਤ ਸਿੰਘ ਭਿੱਟੇਵਿੱਡ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਚੀਫ ਗੁਰਦੁਆਰਾ ਇੰਸਪੈਕਟਰ ਜਗਦੀਸ਼ ਸਿੰਘ ਬੁੱਟਰ, ਅਕਾਲੀ ਦਲ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਤੇ ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਬੁਰਜ ਸਾਹਿਬ ਆਦਿ ਹਾਜ਼ਰ ਸਨ।