ਤਰਨ ਤਾਰਨ ਦਾ 132 ਕੇਵੀ ਬਿਜਲੀ ਘਰ ਮੁੜ ਉਸਾਰੀ ਦੀ ਉਡੀਕ ’ਚ
ਤਰਨ ਤਾਰਨ ਸ਼ਹਿਰ ਦਾ 132 ਕੇਵੀ ਬਿਜਲੀ ਘਰ ਮੁੜ ਉਸਾਰੀ ਦੀ ਉਡੀਕ ’ਚ ਹੈ। ਇਸ ਬਿਜਲੀ ਘਰ ਦੀ ਮਸ਼ੀਨਰੀ ਪੁਰਾਣੀ ਹੋਣ ਕਾਰਨ ਇਸ ਵਿੱਚ ਨੁਕਸ ਆਉਣੇ ਸੁਭਾਵਕ ਹੀ ਹੋ ਗਏ ਹਨ। ਪਾਵਰਕੌਮ ਦੇ ਇਥੇ 30 ਸਾਲ ਤੱਕ ਕੰਮ ਕਰਦੇ ਰਹੇ ਇਕ ਸੇਵਾ ਮੁਕਤ ਅਧਿਕਾਰੀ ਸੁਖਦੀਪ ਸਿੰਘ ਨੇ ਕਿਹਾ ਕਿ ਇਸ ਬਿਜਲੀ ਘਰ ਦੀ ਮਸ਼ੀਨਰੀ ਪੁਰਾਣੀ ਹੋ ਜਾਣ ਕਰਕੇ ਇਸ ਵਿੱਚ ਨੁਕਸੇ ਆਉਂਦੇ ਹਨ। ਇਨ੍ਹਾਂ ਨੁਕਸਾਂ ਨੂੰ ਪੂਰੀ ਦੀ ਪੂਰੀ ਮਸ਼ੀਨਰੀ ਦੇ ਤਬਦੀਲ ਕੀਤੇ ਜਾਣ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ।
ਸ਼ਹਿਰ ਦੀ ਕਈ ਆਬਾਦੀਆਂ ਦੇ ਵਾਸੀਆਂ ਨੂੰ ਬੀਤੇ ਇਕ ਮਹੀਨੇ ਤੋਂ ਲੰਬੇ ਲੰਬੇ ਬਿਜਲੀ ਕੱਟਾਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਹਲਕਾ ਮੀਂਹ ਪੈਣ ’ਤੇ ਵੀ ਆ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਘੰਟਿਆਂ ਤੱਕ ਬਿਨਾਂ ਬੱਤੀ ਦੇ ਰਹਿਣਾ ਪੈਂਦਾ ਹੈ। ਸ਼ਹਿਰਵਾਸੀ ਸਟਾਲਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਗਰਮੀ ਦੇ ਇਸ ਮੌਸਮ ਤੇ ਸ਼ਹਿਰ ਦੀ ਅੰਮ੍ਰਿਤਸਰ ਸੜਕ ’ਤੇ ਸਥਿਤ ਬਾਠ ਐਵੇਨਿਊ, ਮਹਿੰਦਰਾ ਐਵੇਨਿਊ, ਗਰੀਨ ਐਵੇਨਿਊ ਸਣੇ ਹੋਰਨਾਂ ਆਬਾਦੀਆਂ ਦੇ ਲੋਕ ਇਸ ਸਮੱਸਿਆ ਤੋਂ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੇ ਇਨ੍ਹਾਂ ਕੱਟਾਂ ਦੀ ਉਨ੍ਹਾਂ ਨੂੰ ਅਗਾਓਂ ਸੂਚਨਾ ਤੱਕ ਵੀ ਨਹੀਂ ਦਿੱਤੀ ਜਾਂਦੀ। ਕਈ ਵਾਰ ਲੋਕਾਂ ਨੂੰ ਬੱਤੀ ਗੁੱਲ ਰਹਿਣ ਕਾਰਨ ਸਵੇਰ ਵੇਲੇ ਪਾਣੀ ਤੱਕ ਵੀ ਨਸੀਬ ਨਹੀਂ ਹੁੰਦਾ। ਨੌਕਰੀ ਪੇਸ਼ੇ ਵਾਲੇ ਲੋਕਾਂ ਨੂੰ ਡਿਊਟੀਆਂ ’ਤੇ ਸਮੇਂ ਸਿਰ ਜਾਣ ਲਈ ਮੁਸ਼ਕਿਲ ਆਉਂਦੀ ਹੈ। ਬੀਤੀ ਰਾਤ ਇੱਥੇ ਐੱਸਡੀਐੱਮ ਦੇ ਦਫ਼ਤਰ ਦੇ ਐਨ ਸਾਹਮਣੇ ਕਿਸੇ ਵਾਹਨ ਦੇ ਬਿਜਲੀ ਦੇ ਖੰਭੇ ਨਾਲ ਵੱਜਣ ਨਾਲ ਸ਼ਹਿਰ ਦੀ ਸਰਹਾਲੀ ਰੋਡ, ਸੱਚਖੰਡ ਰੋਡ, ਭਾਗ ਸ਼ਾਹ ਮੁਹੱਲਾ ਆਦਿ ਆਬਾਦੀਆਂ ਨੂੰ ਅੱਧੀ ਰਾਤ ਤੋਂ ਲੈ ਕੇ ਦੇਰ ਸਵੇਰ ਤੱਕ ਬਿਜਲੀ ਦੀ ਸਪਲਾਈ ਨਹੀਂ ਹੋ ਸਕੀ।
ਤਰਨ ਤਾਰਨ ਦੇ 132 ਕੇਵੀ ਪਾਵਰ ਸਟੇਸ਼ਨ ’ਤੇ ਮੀਂਹ ਕਰਕੇ ਅਉਂਦੀ ਹੈ ਪ੍ਰੇਸ਼ਾਨੀ: ਐੱਸਡੀਓ
ਪਾਵਰਕੌਮ ਦੇ ਸ਼ਹਿਰੀ (ਉੱਪ ਮੰਡਲ) ਦੇ ਐੱਸਡੀਓ ਨਰਿੰਦਰ ਸਿੰਘ ਨੇ ਕਿਹਾ ਕਿ ਇਹ ਮੁਸ਼ਕਿਲ ਤਰਨ ਤਾਰਨ ਦੇ 132 ਕੇਵੀ ਪਾਵਰ ਸਟੇਸ਼ਨ (ਬਿਜਲੀ ਘਰ) ’ਤੇ ਮੀਂਹ ਕਰਕੇ ਆਏ ਨੁਕਸ ਕਰਕੇ ਆਉਂਦੀ ਹੈ, ਜਿਹੜੀ ਮੀਂਹ ਦੇ ਆਉਣ ’ਤੇ ਮੁੜ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨੁਕਸ ਨੂੰ ਦੂਰ ਕਰਨ ਦਾ ਮਾਮਲਾ ਅੱਜ ਹੀ ਆਪਣੇ ਉੱਚ ਅਧਿਕਾਰੀ ਨਾਲ ਵਿਚਾਰਿਆ ਹੈ, ਜਿਸ ਨੂੰ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।