ਤਰਨ ਤਾਰਨ ਜ਼ਿਮਨੀ ਚੋਣ: ਸੁਖਬੀਰ ਬਾਦਲ ਵੱਲੋਂ ਪਾਰਟੀ ਉਮੀਦਵਾਰ ਲਈ ਪ੍ਰਚਾਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਹਲਕੇ ਦੇ ਮੀਆਂਪੁਰ, ਢੰਡ ਕਸੇਲ ਆਦਿ ਪਿੰਡਾਂ ਵਿੱਚ ਬੂਥ ਪੱਧਰ ’ਤੇ ਪ੍ਰਚਾਰ ਕੀਤਾ। ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੇਨੱਈ ਤੋਂ ਦੋ ਦਿਨ ਦੀ ਛੁੱਟੀ ਮਨਾਉਣ ਮਗਰੋਂ ਵਾਪਸੀ ਅਤੇ ਆਪਣਾ ਸਰਕਾਰੀ ਹੈਲੀਕਾਪਟਰ ਦੀਨਾਨਗਰ ਵਿੱਚ ਛੱਡਣ ਦੇ ਐਲਾਨ ਨੂੰ ਸੂਬੇ ਦੇ ਹੜ੍ਹ ਮਾਰੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਧੁੜਣ ਦੇ ਬਰਾਬਰ ਕਿਹਾ| ਉਨ੍ਹਾਂ ਸੂਬੇ ਅੰਦਰ ਸਰਕਾਰ ਵੱਲੋਂ ਹੜ੍ਹਾਂ ਤੋਂ ਕਿਸਾਨਾਂ ਨੂੰ ਬਚਾਉਣ ਲਈ ਅਗਾਊਂ ਬੰਦੋਬਸਤ ਨਾ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਔਖੇ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਹਾਜ਼ਰ ਹੋਏ ਹਨ| ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਬੀਤੇ ਸਾਢੇ ਤਿੰਨ ਸਾਲ ਦੇ ਸਮੇਂ ਦੌਰਾਨ ਹੜ੍ਹ ਪੀੜਤਾਂ ਦੀ ਮਦਦ ਨਾ ਕਰਨ ਦਾ ਦੋਸ਼ ਲਗਾਇਆ| ਉਨ੍ਹਾਂ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਰਮੀਤ ਸਿੰਘ ਸੰਧੂ ਨੂੰ ਪੰਥ ਦਾ ਗੱਦਾਰ ਆਖਦਿਆਂ ਉਸ ਨੂੰ ਲੋਕਾਂ ਵੱਲੋਂ ਠੁਕਰਾਉਣ ਦੀ ਅਪੀਲ ਕੀਤੀ|
ਉਨ੍ਹਾਂ ਤਰਨ ਤਾਰਨ ਦੀ ਹੋਣ ਵਾਲੀ ਉੱਪ ਚੋਣ ਲਈ ਹਰਮੀਤ ਸਿੰਘ ਸੰਧੂ ਦੇ ਮੁਕਾਬਲੇ ਪੰਥ ਦੇ ਪਰਿਵਾਰ ਤੇ ਧਰਮੀ ਫੌਜੀ ਦੀ ਪਤਨੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਚੋਣ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਸੰਧੂ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਉਸ ਨੇ 15 ਸਾਲ ਸੱਤਾ ਦਾ ਆਨੰਦ ਮਾਣਿਆ ਤੇ ਲੋੜ ਵੇਲੇ ਪਾਰਟੀ ਦਾ ਸਾਥ ਛੱਡ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਮੌਕਾਪ੍ਰਸਤਾਂ ਨੂੰ ਠੁਕਰਾ ਦੇਣਾ ਚਾਹੀਦਾ ਹੈ। ਸ੍ਰੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਤੇ ‘ਆਪ’ ਨੂੰ ਠੁਕਰਾਉਣ ਜੋ ਪੰਜਾਬ ਨੂੰ 10 ਸਾਲ ਪਿੱਛੇ ਲੈ ਗਏ ਹਨ| ਉਨ੍ਹਾਂ ਇਸ ਸਰਕਾਰ ਵੱਲੋਂ ਪਹਿਲਾਂ ਤੋਂ ਮਿਲਦਿਆਂ ਸਹੂਲਤਾਂ ਨੂੰ ਸਰਕਾਰ ਬਨਾਉਣ ਤੇ ਫਿਰ ਤੋਂ ਬਹਾਲ ਕੀਤੇ ਜਾਣ ਦਾ ਵੀ ਯਕੀਨ ਦਿੱਤਾ| ਇਸ ਮੌਕੇ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਕੋਆਰਡੀਨੇਟਰ ਤੇ ਪਾਰਟੀ ਆਗੂ ਗੁਲਜ਼ਾਰ ਸਿੰਘ ਰਣੀਕੇ, ਅਲਵਿੰਦਰਪਾਲ ਸਿੰਘ ਪੱਖੋਕੇ, ਇਕਬਾਲ ਸਿੰਘ ਸੰਧੂ ਤੇ ਗੌਰਵ ਵਲਟੋਹਾ ਨੇ ਵੀ ਵਿਚਾਰ ਸਾਂਝੇ ਕੀਤੇ|