ਤਰਨ ਤਾਰਨ ਜ਼ਿਮਨੀ ਚੋਣ: ‘ਆਪ’ ਆਗੂਆਂ ਨੇ ਹਰਮੀਤ ਸੰਧੂ ਖ਼ਿਲਾਫ਼ ਮੋਰਚਾ ਖੋਲ੍ਹਿਆ
ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਹਰਮੀਤ ਸਿੰਘ ਸੰਧੂ ਨੂੰ ਟਿਕਟ ਦੇਣ ਦੇ ਮਾਮਲੇ ’ਤੇ ਆਮ ਆਦਮੀ ਪਾਰਟੀ ਵਿੱਚ ਬਗ਼ਾਵਤ ਦੀ ਸੰਭਾਵਨਾ ਬਣ ਗਈ ਹੈ| ਇਹ ਸੀਟ ‘ਆਪ’ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਖਾਲੀ ਹੋਈ ਹੈ| ਹਲਕੇ ਤੋਂ ਚੱਲ ਰਹੀਆਂ ਗਤੀਵਿਧੀਆਂ ਤਹਿਤ ਇਥੋਂ ਤਿੰਨ ਵਾਰ ਵਿਧਾਇਕ ਤੇ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਅਤੇ ਉਸ ਨੂੰ ਪਾਰਟੀ ਵੱਲੋਂ ਇਕ ਤਰ੍ਹਾਂ ਨਾਲ ਟਿਕਟ ਦੇਣ ਦੀ ‘ਹਾਂ’ ਹੋਣ ਤੋਂ ਖਫਾ ਪਾਰਟੀ ਦੀ ਟਿਕਟ ਲੈਣ ਦੇ ਚਾਹਵਾਨ ਪੁਰਾਣੇ ਆਗੂਆਂ ਨੇ ਹਰਮੀਤ ਸਿੰਘ ਸੰਧੂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮੋਰਚੇ ਵਿੱਚ ਸ਼ਾਮਲ ਪਾਰਟੀ ਆਗੂ ਗੁਰਸੇਵਕ ਸਿੰਘ ਔਲਖ, ਕਸ਼ਮੀਰ ਸਿੰਘ ਸੋਹਲ ਦੇ ਪੀਏ ਐਡਵੋਕੇਟ ਕੋਮਲਪ੍ਰੀਤ ਸਿੰਘ, ਗੁਰਦੇਵ ਸਿੰਘ ਸੰਧੂ, ਮਿਉਂਸਿਪਲ ਕੌਂਸਲ ਤਰਨ ਤਾਰਨ ਦੇ ਅੱਠ ਕੌਂਸਲਰ, ਬਲਾਕ ਪ੍ਰਧਾਨ, ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਅਹੁਦੇਦਾਰਾਂ ਨੇ ਬੀਤੀ ਸ਼ਾਮ ਦਰਬਾਰ ਸਾਹਿਬ ਤਰਨ ਤਾਰਨ ਜਾ ਕੇ ਅਰਦਾਸ ਕਰਕੇ ਹਰਮੀਤ ਸਿੰਘ ਸੰਧੂ ਨੂੰ ‘ਆਪ’ ਵੱਲੋਂ ਟਿਕਟ ਦੇਣ ’ਤੇ ਉਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ| ਆਗੂਆਂ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਕਿਸੇ ਵੀ ਪੁਰਾਣੇ ਵਰਕਰ ਨੂੰ ਤਰਨ ਤਾਰਨ ਤੋਂ ਉਮੀਦਵਾਰ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਆਗੂਆਂ ਨੇ ਹਰਮੀਤ ਸਿੰਘ ਸੰਧੂ ਨੂੰ ਟਿਕਟ ਦੇਣ ’ਤੇ ਉਸ ਦਾ ਵਿਰੋਧ ਕਰਨ ਤੋਂ ਇਲਾਵਾ ਆਪਣੇ ’ਚੋਂ ਹੀ ਕਿਸੇ ਇਕ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਚਿਤਾਵਨੀ ਦਿੱਤੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਗੱਲ ਨਾ ਸੁਣਨ ’ਤੇ ਪਾਰਟੀ ਦੇ ਅਨੇਕਾਂ ਆਗੂ ਤੇ ਵਰਕਰ ਹੋਰਨਾਂ ਪਾਰਟੀਆਂ ਵਿੱਚ ਵੀ ਜਾਣ ਨੂੰ ਤਿਆਰ ਹਨ| ਪਾਰਟੀ ਅੰਦਰ ਵਾਪਰੇ ਇਸ ਵਰਤਾਰੇ ਨੂੰ ਲੈ ਕੇ ਪਾਰਟੀ ਦੇ ਕਈ ਹਲਕਿਆਂ ਅੰਦਰ ਚਿੰਤਾ ਦਿਖਾਈ ਦੇ ਰਹੀ ਹੈ| ਉਂਜ ਹਰਮੀਤ ਸਿੰਘ ਸੰਧੂ ਕੋਲ ਖੁਦ ਹੀ ਆਪਣਾ ਮਜ਼ਬੂਤ ਢਾਂਚਾ ਹੋਣ ਕਰਕੇ ਉਨ੍ਹਾਂ ਹਲਕੇ ਦੇ ਲੋਕਾਂ ਨਾਲ ਸੰਪਰਕ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖੀ ਹੋਈ ਹੈ|