ਸੁਰ ਉਤਸਵ: ਪਾਤਰ ਨੂੰ ਸਮਰਪਿਤ ਰਿਹਾ ਦੂਜਾ ਦਿਨ
ਯੂ.ਐੱਨ. ਐਂਟਰਟੇਨਮੈਂਟ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਲੋਕ ਗਾਇਕ ਹਰਿੰਦਰ ਸੋਹਲ ਦੀ ਅਗਵਾਈ ਹੇਠ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਚੌਥੇ ‘ਅੱਠ ਦਿਨਾਂ ਸੁਰ ਉਤਸਵ’ ਦੇ ਦੂਜੇ ਦਿਨ ਸ਼ਾਮ ਵੇਲੇ ਆਰੰਭ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਮਨਜਿੰਦਰ ਸਿੰਘ (ਮੁਖੀ, ਪੰਜਾਬੀ ਵਿਭਾਗ ਜੀਐੱਨਡੀਯੂ) ਸ਼ਾਮਲ ਹੋਏ। ਸਮਾਗਮ ਤੋਂ ਪਹਿਲਾਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਲੱਗੇ ਮੁਹੰਮਦ ਰਫ਼ੀ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾਏ ਗਏ। ਇਸ ਮੌਕੇ ‘ਸੁਰ ਉਤਸਵ ਕਲਾ ਰਤਨ ਐਵਾਰਡ’ ਨਾਲ ਕਵੀ ਵਿਸ਼ਾਲ ਬਿਆਸ ਅਤੇ ਵਿਅੰਗ ਕਵੀ ਰਘਬੀਰ ਸਿੰਘ ਸੋਹਲ ਨੂੰ ਸਨਮਾਨਿਤ ਕੀਤਾ ਗਿਆ। ਇਹ ਸੁਰ ਉਤਸਵ ਸ਼ਾਸਤਰੀ ਸੰਗੀਤ, ਸਾਹਿਤ ਸੰਗੀਤ ਸੂਫ਼ੀ ਸੰਗੀਤ, ਲੋਕ ਸੰਗੀਤ ਅਤੇ ਸਿਨੇਮਾ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਮਰਪਿਤ ਹੈ। ਸੁਰ ਉਤਸਵ ਦਾ ਦੂਜਾ ਦਿਨ ਮਰਹੂਮ ਸ਼ਾਇਰ ਪਦਮਸ੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਮੌਕੇ ਸ੍ਰੀ ਪਾਤਰ ਦੀਆਂ ਲਿਖੀਆਂ ਗ਼ਜ਼ਲਾਂ ਨੂੰ ਰਮੇਸ਼ ਭਗਤ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ। ਮੰਚ ਸੰਚਾਲਨ ਉਪਾਸਨਾ ਭਾਰਦਵਾਜ ਨੇ ਕੀਤਾ। ਇਸ ਮੌਕੇ ਭੂਪਿੰਦਰ ਸਿੰਘ ਸੰਧੂ, ਐੱਸ.ਪੀ. ਅਰੋੜਾ, ਵਿਪਨ ਧਵਨ, ਰਾਣਾ ਪ੍ਰਤਾਪ ਸ਼ਰਮਾ, ਅਦਾਕਾਰ ਗੁਰਤੇਜ ਮਾਨ, ਡਾ. ਕਸ਼ਮੀਰ ਸਿੰਘ, ਹਰਜੀਤ ਸਿੰਘ, ਮਨਜੀਤ ਇੰਦਰ, ਸਾਵਨ ਵੇਰਕਾ, ਮਨਪ੍ਰੀਤ ਸੋਹਲ, ਜਸਕਰਨ ਸੋਹਲ ਸਮੇਤ ਸੰਗੀਤ ਪ੍ਰੇਮੀ ਹਾਜ਼ਰ ਸਨ।