ਅੰਮ੍ਰਿਤਸਰ ਦੇ ਵਿਕਾਸ ਤੇ ਸੁੰਦਰੀਕਰਨ ਲਈ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ
ਨਗਰ ਨਿਗਮ ਨੇ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਅੱਜ ਜੀਟੀ ਰੋਡ ਅੰਮ੍ਰਿਤਸਰ ਦੇ ਮੁੱਖ ਐਂਟਰੀ ਪੁਆਇੰਟ ਗੋਲਡਨ ਗੇਟ ਤੋਂ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਅਗਲੇ ਸੱਤ ਦਿਨ ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਲਗਾਤਾਰ ਜਾਰੀ ਰਹੇਗੀ ਅਤੇ ਇਸ ਦਾ ਆਖਰੀ ਪੜਾਅ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਖ਼ਤਮ ਹੋਵੇਗਾ। ਇਸ ਦਾ ਮੁੱਖ ਮੰਤਵ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਵੱਖ-ਵੱਖ ਰਿਹਾਇਸ਼ੀ, ਸਮਾਜ ਸੇਵੀ ਅਤੇ ਹੋਰ ਅਜਿਹੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਵਿਧਾਇਕ ਜੀਵਨਜੋਤ ਕੌਰ, ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਡੇਰਾ ਬਾਬਾ ਭੂਰੀ ਵਾਲਿਆਂ ਦੇ ਬਾਬਾ ਕਸ਼ਮੀਰਾ ਸਿੰਘ ਨਾਲ ਮਿਲ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸ਼ਹਿਰ ਦੀ ਸਫ਼ਾਈ ਲਈ ਅੱਗੇ ਆਉਣ। ਵਿਧਾਇਕਾ ਜੀਵਨਜੋਤ ਕੌਰ ਨੇ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਹੈ ਕਿ ਸ਼ਹਿਰ ਦਾ ਚਹੁਮੁਖੀ ਵਿਕਾਸ ਹੋਵੇ ਅਤੇ ਸ਼ਹਿਰ ਵਾਸੀ ਇਸ ਸ਼ਹਿਰ ਦੀ ਸੁੰਦਰਤਾ ਨੂੰ ਬਣਾ ਕੇ ਰੱਖਣ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਇਸ ਵਿਸ਼ੇਸ਼ ਮੁਹਿੰਮ ਅਧੀਨ ਸਫ਼ਾਈ, ਸਿਵਲ ਕੰਮ ਜਿਵੇਂ ਫੁੱਟਪਾਥ, ਟੁੱਟੀਆਂ ਸੜਕਾਂ, ਪੈਚ ਵਰਕ, ਬਾਗ਼ਬਾਨੀ ਨਾਲ ਸਬੰਧਤ ਕੰਮ, ਮੈਨ ਹੋਲ ਕਵਰਾਂ ਦੀ ਰਿਪੇਅਰ, ਡਿਸਿਲਟਿੰਗ ਅਤੇ ਸੀਵਰੇਜ ਦੀ ਸਫ਼ਾਈ, ਸਟਰੀਟ ਲਾਈਟਾਂ, ਅਸਟੇਟ ਵਿਭਾਗ ਅਤੇ ਐਡਵਰਟਾਈਜ਼ਮੈਂਟ ਵਿਭਾਗ ਵੱਲੋਂ ਸੜਕਾਂ ’ਤੇ ਨਾਜਾਇਜ਼ ਕਬਜ਼ੇ ਅਤੇ ਨਾਜਾਇਜ਼ ਬਿੱਲ ਬੋਰਡ/ਵਿਗਿਆਪਨ ਦੇ ਬੋਰਡ ਹਟਾਉਣ ਦੇ ਕੰਮ ਕੀਤੇ ਜਾਣਗੇ।
ਹੈਰੀਟੇਜ ਸਟਰੀਟ ’ਚ ਹੋਣ ਵਾਲੇ ਧਾਰਮਿਕ ਸਮਾਗਮਾਂ ’ਚ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਦੀ ਅਪੀਲ
ਅੰਮ੍ਰਿਤਸਰ (ਟਨਸ): ਹੈਰੀਟੇਜ ਸਟਰੀਟ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਜਾਂ ਮੇਲਿਆਂ ਦੌਰਾਨ ਪਲਾਸਟਿਕ ਦੇ ਸਾਮਾਨ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਸੀਵਰੇਜ ਜਾਮ ਹੋਣ ਵਾਲੀ ਸਥਿਤੀ ਪੈਦਾ ਹੁੰਦੀ ਹੈ ਅਤੇ ਪਾਣੀ ਦੀ ਨਿਕਾਸੀ ਮੁਸ਼ਕਲ ਹੋ ਜਾਂਦੀ ਹੈ। ਇਸ ਸਬੰਧੀ ਅੱਜ ਡੀਸੀ ਸਾਕਸ਼ੀ ਸਾਹਨੀ ਨੇ ਸ੍ਰੀ ਮਾਰਵਾੜੀ ਪੰਚਾਇਤੀ ਵੱਡਾ ਮੰਦਰ ਸ੍ਰੀ ਰਘੂਨਾਥ ਜੀ (ਸ੍ਰੀ ਅਗਰਸੈਨ ਮੰਦਰ) ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਮੰਦਰ ਦੇ ਬਾਹਰਵਾਰ ਸ਼ਰਧਾਲੂਆਂ ਵੱਲੋਂ ਕਬੂਤਰਾਂ ਨੂੰ ਦਾਣਾ ਪਾਇਆ ਜਾਂਦਾ ਹੈ, ਜਿਸ ਨਾਲ ਮੰਦਰ ਦੇ ਬਾਹਰ ਕਾਫੀ ਗੰਦਗੀ ਇਕੱਠੀ ਹੋ ਜਾਂਦੀ ਹੈ। ਉਨ੍ਹਾਂ ਮੰਦਰ ਪ੍ਰਬੰਧਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਦਰ ਦੀ ਪਹਿਲੀ ਮੰਜ਼ਿਲ ਦੀ ਛੱਤ ’ਤੇ ਕਬੂਤਰਾਂ ਲਈ ਦਾਣਾ ਪਾਣੀ ਪਾਉਣ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਮੰਦਰ ਦੇ ਇਤਿਹਾਸ ਬਾਰੇ ਪ੍ਰਸ਼ਾਸਨ ਨੂੰ ਲਿਖ ਕੇ ਦੇਣ ਤਾਂ ਜੋ ਇਸ ਨੂੰ ਦਰਸਾਉਂਦੇ ਸਾਈਨ ਬੋਰਡ ਲਾਏ ਜਾ ਸਕਣ। ਡੀਸੀ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਹੈਰੀਟੇਜ ਸਟਰੀਟ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰਵਾਰ ਲੱਗੇ ਪਾਣੀ ਦੇ ਡਿਸਪੈਂਸਰ ਨਾਲ ਪਾਣੀ ਦੀ ਬਰਬਾਦੀ ਹੋ ਰਹੀ ਹੈ ਜਿਸ ਨੂੰ ਤੁਰੰਤ ਜਲ੍ਹਿਆਂਵਾਲਾ ਬਾਗ਼ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੰਦਰ ਦੇ ਬਾਹਰਵਾਰ ਹਾਈਮਾਸਕ ਲਾਈਟਾਂ ਠੀਕ ਕਰਵਾਈਆਂ ਜਾਣ ਅਤੇ ਸੀਵਰੇਜ ਵਿਵਸਥਾ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ।