ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ’ਤੇ ਫੈਡਰੇਸ਼ਨ ਦੇ ਮੁਖੀ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਭਾਈ ਗੁਰਦਾਸ ਹਾਲ ਤੋਂ ‘ਆਓ ਦੇਸ਼ ਪੰਜਾਬ ਦੀ ਨਵੀਂ ਉਸਾਰੀ ਲਈ ਕਰੀਏ ਅਰਦਾਸ’ ਦੇ ਬੈਨਰ ਹੇਠ ਮਾਰਚ ਕੀਤਾ ਗਿਆ ਜਿਸ ਵਿੱਚ ਫੈਡਰੇਸ਼ਨ ਕਾਰਕੁਨ ਜੈਕਾਰੇ ਲਾਉਂਦੇ ਹੋਏ ਸ੍ਰੀ ਅਕਾਲ ਤਖ਼ਤ ਪਹੁੰਚੇ। ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫੈਡਰੇਸ਼ਨ ਦੇ ਸਥਾਪਨਾ ਦਿਵਸ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਫੈਡਰੇਸ਼ਨ ਦੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ। ਸ੍ਰੀ ਗਰੇਵਾਲ ਨੇ ਕਿਹਾ ਕਿ ਅੱਜ ਜਥੇਬੰਦੀ ਜਿਥੇ ਹੜ੍ਹ ਮਾਰੇ ਇਲਾਕਿਆਂ ਦੀ ਮੁੜ ਉਸਾਰੀ ਲਈ ਅਰਦਾਸ ਕਰ ਰਹੀ ਹੈ, ਉਥੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਸਿਆਸੀ ਹਲਕਿਆਂ ਵਿੱਚ ਬਦਲਾਅ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਨੂੰ ਖ਼ਤਮ ਕਰਕੇ ਪੰਜਾਬ ਦੀ ਖੈਰ ਖਵਾਹ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕੀਤੇ ਜਾਣ। ਇਸ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਸੰਗਠਨ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਜਥੇਬੰਦੀ ਦੇ ਨੌਜਵਾਨਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੇ ਅਤੇ ਅਰਦਾਸੀਏ ਗਿਆਨੀ ਪ੍ਰੇਮ ਸਿੰਘ ਨੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਅਰਦਾਸ ਮੌਕੇ ਗ੍ਰੰਥੀ ਪਰਵਿੰਦਰਪਾਲ ਸਿੰਘ , ਦਮਦਮੀ ਟਕਸਾਲ ਤੋਂ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਅਤੇ ਫੈਡਰੇਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਉਚੇਚੇ ਤੌਰ ’ਤੇ ਹੋਰ ਹਾਜ਼ਰ ਸਨ।
ਗ਼ੈਰ-ਪੰਜਾਬੀਆਂ ਦੇ ਪੰਜਾਬ ’ਚ ਜਾਇਦਾਦ ਖ਼ਰੀਦਣ ’ਤੇ ਪਾਬੰਦੀ ਦਾ ਮਤਾ ਪਾਸ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ 82ਵਾਂ ਸਥਾਪਨਾ ਦਿਵਸ ਜਥੇਬੰਦੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ’ਤੇ ਅਰਦਾਸ ਕਰਕੇ ਮਨਾਇਆ ਗਿਆ। ਇਸ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਬਿਹਾਰ ਤੇ ਝਾਰਖੰਡ ਤੋਂ ਡੈਲੀਗੇਟਾ ਨੇ ਅੱਜ ਸ਼ਮੂਲੀਅਤ ਕਰਦਿਆਂਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਪੰਜ ਮਤੇ ਪਾਸ ਕੀਤੇ ਗਏ ਜਿਸ ਵਿਚ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਗੈਰ ਪੰਜਾਬੀਆਂ ਦੇ ਪੰਜਾਬ ਵਿੱਚ ਜਾਇਦਾਦ ਖਰੀਦਣ ’ਤੇ ਪਾਬੰਦੀ ਲਾਈ ਜਾਵੇ। ਦੂਜੇ ਮਤੇ ਰਾਹੀ ਮੰਗ ਕੀਤੀ ਕਿ ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਪੰਜਾਬ ਦਾ ਨਾਗਰਿਕ ਹੋਣਾ ਲਾਜ਼ਮੀ ਕਰਾਰ ਦਿੱਤਾ ਜਾਵੇ, ਇਕ ਮਤੇ ਵਿੱਚ ਫੈਡਰੇਸ਼ਨ ਨੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਪੰਜਵੇਂ ਮਤੇ ਵਿੱਚ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ’ਤੇ ਪਹਿਰੇਦਾਰ ਕਮੇਟੀਆਂ ਬਣਾਈਆਂ ਜਾਣ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ। ਫੈਡਰੇਸ਼ਨ ਵਲੋਂ ਨਸ਼ਿਆਂ ਦੇ ਵਪਾਰੀਆਂ ਖਿਲਾਫ ਸਖਤ ਕਾਨੂੰਨ ਬਣਾਉਣ ਅਤੇ ਫਾਸਟ ਟਰੈਕ ਅਦਾਲਤਾ ਰਾਹੀਂ ਉਨ੍ਹਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਫੈਡਰੇਸ਼ਨ ਆਗੂ ਕੰਵਲਜੀਤ ਸਿੰਘ ਬਿੱਟਾ ਗੁਰਦਾਸਪੁਰ, ਗੁਰਮੁੱਖ ਸਿੰਘ ਸੰਧੂ, ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ ਦੀਨਾਨਗਰ , ਬਲਜਿੰਦਰ ਸਿੰਘ ਗੰਡੀਵਿੰਡ, ਭੁਪਿੰਦਰ ਸਿੰਘ ਨਾਗੋਕੇ ਕੁਲਬੀਰ ਸਿੰਘ ਗੰਡੀਵਿੰਡ, ਸੁਖਦੇਵ ਸਿੰਘ ਬੈਲਜੀਅਮ, ਸਰਪੰਚ ਗੁਲਾਬ ਸਿੰਘ, ਪ੍ਰਭਜੋਤ ਸਿੰਘ ਫਰੀਦਕੋਟ ਤੇ ਸੁਰਜੀਤ ਸਿੰਘ ਗੋਲੇਵਾਲਾ ਆਦਿ ਹਾਜ਼ਰ ਸਨ।