ਐੱਸਜੀਪੀਸੀ ਹੜ੍ਹ ਪ੍ਰਭਾਵਿਤ ਜ਼ਮੀਨਾਂ ਦਾ ਠੇਕਾ ਰੱਦ ਕਰੇ: ਛੋਟੇਪੁਰ
ਪਿੰਡ ਟੋਹੜਾ ਵਾਸੀਅਾਂ, ਐੱਨ ਆਰ ਆਈ ਵੀਰਾਂ ਤੇ ਟੌਹੜਾ ਕਬੱਡੀ ਕੱਪ ਕਲੱਬ ਨੇ ਰਾਹਤ ਸਮੱਗਰੀ ਭੇਜੀ
ਮਰਹੂਮ ਗੁਰਚਰਨ ਸਿੰਘ ਟੋਹੜਾ ਦੇ ਬਾਸ਼ਿੰਦਿਆਂ, ਪਰਵਾਸੀ ਵੀਰਾਂ ਅਤੇ ਟੌਹੜਾ ਕਬੱਡੀ ਕੱਪ ਕਲੱਬ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਰਿਵਾਰ ਨੂੰ ਰਾਹਤ ਸਮੱਗਰੀ ਭੇਜੀ। ਐੱਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਪਸ਼ੂਆਂ ਦਾ ਚਾਰਾ ਸਮੱਗਰੀ, ਡੀਜ਼ਲ ਤੇ ਰਾਸ਼ੀ ਭੇਟ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਗੁਰਿੰਦਰ ਸਿੰਘ ਸ਼ਾਮਪੁਰਾ, ਚੇਅਰਮੈਨ ਮੱਖਣ ਸਿੰਘ ਟੌਹੜਾ ਆਦਿ ਹਾਜ਼ਰ ਸਨ। ਜਥੇਦਾਰ ਛੋਟੇਪੁਰ, ਐੱਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਸ਼ਾਮਪੁਰਾ ਨੇ ਕਿਹਾ ਕਿ ਪਿੰਡ ਟੌਹੜਾ ਦੇ ਐੱਨਆਰਆਈ ਵੀਰਾਂ, ਕਬੱਡੀ ਕੱਪ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਇਕੱਤਰ ਕੀਤੀ ਗਈ ਰਾਸ਼ੀ ਨਾਲ 5 ਹਜ਼ਾਰ ਲਿਟਰ ਤੇਲ, ਪਸ਼ੂਆਂ ਦੇ ਖਾਣ ਲਈ ਤੂੜੀ ਅਤੇ ਸੈਲਜ ਚਾਰਾ ਰਾਸ਼ੀ ਭੇਟ ਕੀਤੀ ਗਈ। ਉਨ੍ਹਾਂ ਆਖਿਆ ਕਿ ਇਸ ਖੇਤਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੈਂਕੜੇ ਏਕੜ ਜ਼ਮੀਨ ਹੈ, ਜੋ ਲੋੜਵੰਦਾਂ ਨੂੰ ਠੇਕੇ ’ਤੇ ਦਿੱਤੀ ਹੋਈ ਹੈ, ਉਨ੍ਹਾਂ ਮੰਗ ਕੀਤੀ ਕਿ ਜੋ ਖੇਤ ਤੇ ਫਸਲਾਂ ਹੜ੍ਹਾਂ ਨਾਲ ਪ੍ਰਭਾਵਿੱਤ ਹੋਈਆਂ, ਉਨ੍ਹਾਂ ਦਾ ਇੱਕ ਸਾਲ ਦਾ ਠੇਕਾ ਰੱਦ ਕੀਤਾ ਜਾਵੇ ਅਤੇ ਅਗਲੇ ਇੱਕ ਸਾਲ ਲਈ ਜ਼ਮੀਨਾਂ ਦਾ ਠੇਕਾ ਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਅਜਿਹਾ ਫੈਸਲਾ ਲੈ ਕੇ ਹੜ੍ਹ ਪੀੜਤਾਂ ਦੀ ਸਾਰ ਲੈਣੀ ਚਾਹੀਦੀ ਹੈ। ਇਸ ਮੌਕੇ ਜਸਬੀਰ ਸਿੰਘ ਘੁੰਮਣ, ਨਵਨੀਤ ਪਵਾਰ, ਚੇਅਰਮੈਨ ਮੱਖਣ ਸਿੰਘ, ਹਰਮੀਤ ਸਿੰਘ ਜਿੰਮੀ ਕਾਹਲੋ, ਹੀਰਾ ਸਿੰਘ ਰਹੀਮਾਬਾਦ , ਜਗੀਰ ਸਿੰਘ ਕੋਟਲਾ ਮੁਗਲਾ, ਸੁਖਵਿੰਦਰ ਸਿੰਘ ਗੁਰਾਇਆ , ਬਾਬਾ ਦਲਵਿੰਦਰ ਸਿੰਘ, ਬਲਰਾਜ ਸਿੰਘ, ਮੋਹਣ ਸਿੰਘ ਸਣੇ ਹੋਰ ਹਾਜ਼ਰ ਸਨ।