਼ਸੜਕ ਦੀ ਪੁਲੀ ਟੁੱਟਣ ਕਾਰਨ ਕਈ ਪਿੰਡਾਂ ਦਾ ਲਾਂਘਾ ਬੰਦ
w ਲੋਕਾਂ ਨੇ ਪੁਲੀ ਟੁੱਟਣ ਲਈ ਗੈਰਕਾਨੂੰਨੀ ਖਣਨ ਨੂੰ ਜ਼ਿੰਮੇਵਾਰ ਠਹਿਰਾਇਆ; ਪਾਣੀ ਨੇ ਕੰਢੀ ਇਲਾਕੇ ਕਈ ਸੜਕਾਂ ਤਬਾਹ ਕੀਤੀਆਂ
ਗੜ੍ਹਸ਼ੰਕਰ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਵਿੱਚ ਮੀਂਹ ਅਨੇਕਾਂ ਲਿੰਕ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ ਤੇ ਕਈ ਪਿੰਡਾਂ ਵਿੱਚ ਲੋਕਾਂ ਦਾ ਆਪਸੀ ਸੰਪਰਕ ਟੁੱਟਿਆ ਹੋਇਆ ਹੈ। ਕਸਬਾ ਜੇਜੋਂ ਦੁਆਬਾ ਤੋਂ ਮਾਹਿਲਪੁਰ ਅਤੇ ਗੜ੍ਹਸ਼ੰਕਰ ਵੱਲ ਪੈਂਦੇ ਅਨੇਕਾਂ ਪਿੰਡਾਂ ਵਿੱਚ ਖੱਡਾਂ ਅਤੇ ਚੋਆਂ ਦੇ ਪਾਣੀ ਨੇ ਵੱਡੀ ਤਬਾਹੀ ਮਚਾਈ ਹੈ ਜਿਸ ਕਰਕੇ ਪਿੰਡ ਰਾਮਪੁਰ ਬਿਲੜੋ ਤੋਂ ਜੇਜੋ ਦੁਆਬਾ ਨੂੰ ਜਾਣ ਵਾਲੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਸੜਕ ਦੀ ਪੁਲੀ ਪਿੰਡ ਰਾਮਪੁਰ ਨੇੜੇ ਟੁੱਟ ਚੁੱਕੀ ਹੈ ਅਤੇ ਕਰੀਬ ਦਸ ਪਿੰਡਾਂ ਦੇ ਲੋਕਾਂ ਦਾ ਆਪਸੀ ਸੰਪਰਕ ਵੀ ਟੁੱਟ ਗਿਆ। ਪਿੰਡ ਰਾਮਪੁਰ ਦੇ ਵਸਨੀਕਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਇਹ ਸੜਕ ਖੱਡਾਂ ਚੋਆਂ ਦੇ ਪਾਣੀ ਕਰਕੇ ਕਈ ਥਾਵਾਂ ਤੋਂ ਟੁੱਟੀ ਸੀ ਪਰ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਇਸ ਸਾਲ ਬਰਸਾਤ ਤੋਂ ਪਹਿਲਾਂ ਸੜਕ ਦੀ ਮੁਰੰਮਤ ਅਤੇ ਪਾਣੀ ਦੀ ਨਿਕਾਸੀ ਬਾਰੇ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ, ਜਿਸ ਕਰਕੇ ਇਹ ਸੜਕ ਦੁਬਾਰਾ ਕਈ ਥਾਵਾਂ ਤੋਂ ਜ਼ਮੀਨ ਹੇਠਾਂ ਧਸ ਗਈ ਹੈ। ਸੜਕ ਦੀ ਪੁਲੀ ਟੁੱਟਣ ਨਾਲ ਹਿਮਾਚਲ ਪਰਦੇਸ਼ ਨੂੰ ਜਾਣ ਵਾਲਾ ਸਭ ਤੋਂ ਸੌਖਾ ਅਤੇ ਸਸਤਾ ਮਾਰਗ ਲੋਕਾਂ ਲਈ ਬੰਦ ਹੋ ਗਿਆ।
ਇਸੇ ਤਰ੍ਹਾਂ ਸੈਲਾ ਖੁਰਦ ਤੋਂ ਪਿੰਡ ਕੁੱਕੜਾਂ ਨੂੰ ਜਾਣ ਵਾਲੀ ਲਿੰਕ ਸੜਕ ਵੀ ਥਾਂ ਥਾਂ ਤੋਂ ਮੀਂਹ ਦੇ ਪਾਣੀ ਨੇ ਤੋੜ ਦਿੱਤੀ ਹੈ। ਪਿੰਡ ਪੱਖੋਵਾਲ ਤੋਂ ਰਾਮਪੁਰ ਬਿਲੜੋਂ ਅਤੇ ਰਾਮਪੁਰ ਬਿਲੜੋਂ ਤੋਂ ਬਰਿਆਣਾ ਨੂੰ ਜਾਣ ਵਾਲੀ ਸੜਕ ਦੇ ਬਰਮ ਵੀ ਨੇੜਲੇ ਖੇਤਾਂ ਵਿੱਚ ਵਿਛ ਗਏ ਹਨ ਅਤੇ ਕਈ ਥਾਵਾਂ ‘ਤੇ ਲੋਕਾਂ ਨੇ ਖੁਦ ਟਰੈਕਟਰ ਟਰਾਲੀਆਂ ਨਾਲ ਮਿੱਟੀ ਪਾ ਕੇ ਆਵਾਜਾਈ ਨੂੰ ਚਾਲੂ ਕੀਤਾ ਹੈ। ਇਸ ਤੋਂ ਇਲਾਵਾ ਕੁਨੈਲ ਤੋਂ ਰੋੜ ਮਜਾਰਾ, ਪਦਰਾਣਾ ਤੋਂ ਕਿੱਤਨਾ, ਪੁਰਖੋਵਾਲ ਤੋਂ ਖਾਨਪੁਰ, ਗੜ੍ਹਸ਼ੰਕਰ ਤੋਂ ਬੀਰਮਪੁਰ, ਸੈਲਾ ਤੋਂ ਪੈਂਸਰਾ ਸਮੇਤ ਮਾਹਿਲਪੁਰ ਹਲਕੇ ਦੀਆਂ ਮੀਹ ਦੇ ਪਾਣੀ ਨਾਲ ਬੁਰੀ ਤਰਾਂ ਹੜ੍ਹ ਚੁੱਕੀਆਂ ਹਨ।
ਕੰਢੀ ਸੰਘਰਸ਼ ਕਮੇਟੀ ਦੇ ਸੂਬਾ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਇਨ੍ਹਾਂ ਲਿੰਕ ਸੜਕਾਂ ਨੂੰ ਇਲਾਕੇ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੇ ਢਾਹ ਲਾਈ ਹੈ ਤੇ ਬਰਸਾਤ ਦੇ ਇਸ ਭਾਰੀ ਮੀਹ ਨਾਲ ਹੀ ਇਹ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਹਨਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇਲਾਕੇ ਵਿਚ ਨਜਾਇਜ਼ ਖਣਨ ਨੂੰ ਨੱਥ ਪਾਈ ਜਾਵੇ।
ਬਰਸਾਤ ਮਗਰੋਂ ਹੋਵੇਗੀ ਮੁਰੰਮਤ: ਐੱਸਡੀਓ
ਪੰਜਾਬ ਮੰਡੀ ਬੋਰਡ ਦੇ ਐਸਡੀਓ ਅਮਨ ਮਹਿਰਾ ਨੇ ਕਿਹਾ ਕਿ ਇਸ ਬਾਰੇ ਪੂਰੀ ਰਿਪੋਰਟ ਵਿਭਾਗ ਨੂੰ ਸਮੇਂ ਸਮੇਂ ’ਤੇ ਭੇਜੀ ਜਾਂਦੀ ਹੈ ਅਤੇ ਬਰਸਾਤ ਬਰਸਾਤ ਤੋਂ ਬਾਅਦ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ।