ਮਿਸ਼ਨ ‘ਇੱਕ ਜੱਜ-ਇੱਕ ਰੁੱਖ’ ਤਹਿਤ ਬੂਟੇ ਲਾਏ
ਅੰਮ੍ਰਿਤਸਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਅਮਰਦੀਪ ਸਿੰਘ ਬੈਂਸ ਨੇ ‘ਹਰ ਇੱਕ, ਇੱਕ ਪੌਦਾ ਲਗਾਓ’ ਅਤੇ ‘ਮਿਸ਼ਨ-ਇੱਕ ਜੱਜ-ਇੱਕ ਰੁੱਖ’ ਮੁਹਿੰਮ ਤਹਿਤ ਨੇੜਲੇ ਪਾਰਕਾਂ ਅਤੇ ਕੋਰਟ ਕੰਪਲੈਕਸਾਂ ਆਦਿ ’ਤੇ ਸਮਾਗਮ ਕਰਵਾਏ। ਬੂਟੇ ਲਾਉਣ ਸਮੇਂ ਜੱਜ ਸਾਹਿਬਾਨ ਨੇ ਕਿਹਾ ਕਿ ਉਹ ਰੁੱਖ ਦੇ ਸਰਪ੍ਰਸਤ ਵੀ ਬਣਨਗੇ ਅਤੇ ਰੁੱਖ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈਣਗੇ। ਵਰਣਨਯੋਗ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ 20,000 ਤੋਂ ਵੱਧ ਪੌਦੇ ਲਗਾਏ ਹਨ। ਇਸ ਮੁਹਿੰਮ ਦੌਰਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀਆਂ ਤੇ ਪੁਲੀਸ ਵਿਭਾਗ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ ਹੈ। ਇਸ ਮੌਕੇ ਵਾਲੰਟੀਅਰ ਡਾ. ਦੀਪਿਕਾ ਕੋਹਲੀ, ਅਵਨੀਤ ਲਿਖਾਰੀ, ਰੇਣੂ ਮਾਸ਼ਾ, ਧਰਮਵੀਰ ਗੁਪਤਾ ਅਤੇ ਸ਼ਰਤ ਵਸ਼ਿਸ਼ਟ ਨੇ ਵੀ ਹਿੱਸਾ ਲਿਆ। -ਟ੍ਰਿਬਿਉੂਨ ਨਿਉੂਜ਼ ਸਰਵਿਸ
ਖਾਲਸਾ ਸਕੂਲ ਵਿੱਚ ਵਣ-ਮਹਾਉਤਸਵ ਮਨਾਇਆ
ਧਾਰੀਵਾਲ: ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਵਿੱਚ ਪ੍ਰਿੰਸੀਪਲ ਸਰਬਜੀਤ ਕੌਰ ਦੀ ਅਗਵਾਈ ਹੇਠ ਵਣ-ਮਹਾਉਤਸਵ ਮਨਾਇਆ। ਸਕੂਲ ਪ੍ਰਿੰਸੀਪਲ ਸਰਬਜੀਤ ਕੌਰ ਨੇ ਕਿਹਾ ਪਲੀਤ ਹੋ ਰਹੇ ਵਾਤਾਵਰਨ ਅਤੇ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਵਧੇਰੇ ਰੁੱਖ ਲਗਾਉਣ ਦੀ ਲੋੜ ਹੈ। ਹਰ ਮਨੁੱਖ ਨੂੰ ਇਕ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਰੁੱਖ ਲਗਾਉਣ ਨਾਲ ਜਿੱਥੇ ਵਾਤਾਵਰਣ ਸ਼ੁੱਧ ਰਹਿੰਦਾ ਹੈ, ਉੱਥੇ ਕਈ ਬਿਮਾਰੀਆਂ ਤੋਂ ਸਾਨੂੰ ਨਿਜਾਤ ਮਿਲਦੀ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ਼ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਵਿੱਚ ਵਧੇਰੇ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਸਕੂਲ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ। -ਪੱਤਰ ਪ੍ਰੇਰਕ