ਹਰਿਆਲੀ ਮਿਸ਼ਨ ਤਹਿਤ ਸਕੂਲ ’ਚ ਬੂਟੇ ਲਗਾਏ
ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿੱਚ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਪਰਮਿੰਦਰ ਕੌਰ ਚਾਹਲ ਅਤੇ ਪ੍ਰਿੰਸੀਪਲ ਕਿਰਨ ਕੇਸਰ ਵੱਲੋਂ ਵਾਤਾਵਰਨ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹਰਿਆਲੀ ਮਿਸ਼ਨ ਤਹਿਤ ਵੱਖ-ਵੱਖ ਕਿਸਮਾਂ ਜਿਵੇਂ ਆਂਵਲਾ, ਸੰਤਰਾ ਅਤੇ ਨਿੰਬੂ ਆਦਿ ਦੇ ਪੌਦੇ ਲਗਾਏ ਗਏ। ਇਸ ਸਬੰਧੀ ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਅਤੇ ਪ੍ਰਿੰਸੀਪਲ ਕਿਰਨ ਕੇਸਰ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਵੱਲੋਂ ਹਰ ਸਾਲ ਵਾਤਾਵਰਨ ਦੀ ਸੁਰੱਖਿਆ ਅਤੇ ਹਰਿਆਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਧ ਤੋਂ ਵੱਧ ਨਵੇਂ ਪੌਦੇ ਲਗਾਏ ਜਾਂਦੇ ਹਨ। ਡਾਇਰੈਕਟਰ ਅਮਰਜੀਤ ਸਿੰਘ ਚਾਹਲ ਨੇ ਦੱਸਿਆ ਉਨ੍ਹਾਂ ਇਸ ਵਾਰ ਹਰਿਆਲੀ ਮਿਸ਼ਨ ਤਹਿਤ 7000 ਪੌਦੇ ਲਗਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਨਵੇਂ ਪੌਦੇ ਲਗਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਧਰਤੀ ਉੱਪਰ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਅਤੇ ਵਾਤਾਵਰਨ ਨੂੰ ਸਾਫ-ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਦਰੱਖਤ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸੰਸਥਾ ਦੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ।