ਜੇਸੀਡੀਏਵੀ ਕਾਲਜ ਦੀ ਸਾਕਸ਼ੀ ਨੂੰ ‘ਤੀਆਂ ਦੀ ਰਾਣੀ’ ਦਾ ਖਿਤਾਬ
ਜੇਸੀਡੀਏਵੀ ਕਾਲਜ ਦਸੂਹਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਜੇਸੀਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ‘ਮੇਲਾ ਤੀਆਂ ਦਾ 2025’ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਦੀ ਅਗਵਾਈ ਹੇਠ ਕਰਵਾਏ ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਸੋਨਿਕਾ ਮਹਾਜਨ ਨੇ ਕੀਤਾ। ਸਕੂਲ ਇੰਚਾਰਜ ਪ੍ਰੋ. ਨਿਵੇਦਿਕਾ ਸ਼ਰਮਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਕੁੜੀਆਂ ਨੇ ਗਰੁੱਪ ਗਾਇਨ, ਗੀਤ-ਸੰਗੀਤ ਅਤੇ ਪੰਜਾਬੀ ਲੋਕ ਰਸਮਾਂ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਵਿਦਿਆਰਥਣਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਨੇ ਸਭ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ‘ਤੀਆਂ ਦੀ ਰਾਣੀ’ ਐਵਾਰਡ ਲਈ ਮੁਕਾਬਲਾ ਚਿਲਚਸਪ ਰਿਹਾ। ਬਾਰ੍ਹਵੀਂ ਨਾਨ-ਮੈਡੀਕਲ ਦੀ ਵਿਦਿਆਰਥਣ ‘ਸਾਕਸ਼ੀ’ ਨੂੰ ‘ਤੀਆਂ ਦੀ ਰਾਣੀ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ। ਪ੍ਰਿੰਸੀਪਲ ਸੋਨਿਕਾ ਮਹਾਜਨ ਨੇ ਕਿਹਾ ਕਿ ਸਾਡੀਆਂ ਰਵਾਇਤਾਂ ਸਾਡੀ ਪਛਾਣ ਹਨ ਅਤੇ ਇਹ ਸਾਡੇ ਲਈ ਮਾਣ ਦਾ ਵਿਸ਼ਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਰਸਮਾਂ ਨਾਲ ਜੁੜੀ ਹੋਈ ਹੈ। ਇਸ ਮੌਕੇ ਰਜਿਸਟਰਾਰ ਡਾ. ਸ਼ੀਤਲ ਸਿੰਘ ਸਣੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਨੇ ਸ਼ਿਰਕਤ ਕੀਤੀ।