ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਡੇਰਾ ਬਾਬਾ ਨਾਨਕ ਬਲਾਕ ਦੇ ਹੜ੍ਹ-ਪ੍ਰਭਾਵਿਤ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਰਾਹਤ ਅਤੇ ਪੁਨਰਵਾਸ ਕੰਮਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵੱਲੋਂ ਰਾਵੀ ਦਰਿਆ ਕੰਢੇ ਪਿੰਡ ਧਰਮਕੋਟ ਪੱਤਣ ਵਿੱਚ ਗਾਰ ਤੇ ਰੇਤ ਸਾਫ਼ ਕਰਨ ਲਈ 5 ਜੇ.ਸੀ.ਬੀ. ਮਸ਼ੀਨਾਂ ਅਤੇ 18 ਟਰੈਕਟਰ ਲਗਾਏ ਗਏ ਹਨ। ਉਨ੍ਹਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਵਿੱਚ ਖੁਦ ਜਾ ਕੇ ਰਾਹਤ ਸਮੱਗਰੀ ਵੰਡਾਈ, ਜਿਸ ਵਿੱਚ ਬਿਸਤਰੇ, ਗੱਦੇ, ਫੌਗਿੰਗ ਮਸ਼ੀਨਾਂ, ਫਰਨੀਚਰ, ਕਿਚਨ ਸੈੱਟ, ਖਾਦਾਨ ਅਤੇ ਹੋਰ ਲੋੜੀਂਦੇ ਘਰੇਲੂ ਸਾਮਾਨ ਸ਼ਾਮਲ ਸਨ। ਇਸ ਮੌਕੇ ’ਤੇ ਸਥਾਨਕ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਡੀ ਸੀ ਦਲਵਿੰਦਰਜੀਤ ਸਿੰਘ ਅਤੇ ਐੱਸ ਡੀ ਐੱਮ ਅਦਿੱਤਿਆ ਸ਼ਰਮਾ ਸਮੇਤ ਹੋਰ ਵੀ ਹਾਜ਼ਰ ਸਨ।ਡਾ. ਸਾਹਨੀ ਨੇ ਦੱਸਿਆ ਕਿ ਇਲਾਕੇ ਵਿੱਚ 4 ਤੋਂ 6 ਫੁੱਟ ਤੱਕ ਪਾਣੀ ਭਰ ਜਾਣ ਕਰਕੇ ਸੈਂਕੜੇ ਏਕੜ ਖੜ੍ਹੀ ਫ਼ਸਲ ਤਬਾਹ ਹੋ ਗਈ ਹੈ ਜਿਸ ਨਾਲ ਆਮ ਮਜ਼ਦੂਰ ਵਰਗ,ਛੋਟੇ ਅਤੇ ਸੀਮਾਂਤ ਕਿਸਾਨ ਸਮੇਤ ਹੋਰ ਲੋਕਾਂ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮਸ਼ੀਨਰੀ, ਤਜਰਬੇਕਾਰ ਸਟਾਫ਼ ਅਤੇ ਮਜ਼ਦੂਰ ਉਸ ਸਮੇਂ ਤੱਕ ਕੰਮ ਕਰਦੇ ਰਹਿਣਗੇ ਜਦੋਂ ਤੱਕ ਸਥਾਨਕ ਲੋਕ ਖ਼ਾਸਕਰ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦੇ। ਡਾ. ਸਾਹਨੀ ਨੇ ਕਿਹਾ ਕੀ ਮਜ਼ਦੂਰ-ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਸ ਔਖੀ ਘੜੀ ਵਿੱਚ ਉਨਾਂ ਦੇ ਨਾਲ ਖੜ੍ਹਾ ਹੋਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨਾਂ ਕਿਹਾ,‘ਮੇਰੀ ਤਰਜੀਹ ਹੈ ਕਿ ਹਰ ਪ੍ਰਭਾਵਿਤ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਅਤੇ ਕੋਈ ਵੀ ਮਜ਼ਦੂਰ-ਕਿਸਾਨ ਆਪਣੇ ਆਪ ਨੂੰ ਬੇਸਹਾਰਾ ਨਾ ਸਮਝੇ।’ ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਰਾਜ ਸਭਾ ਮੈਂਬਰ ਡਾ. ਸਾਹਨੀ ਦਾ ਸ਼ੁਕਰੀਆ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।