ਮੀਂਹ ਕਾਰਨ ਪਾਵਰਕੌਮ ਦੇ ਦਫਤਰਾਂ ਦੀਆਂ ਛੱਤਾਂ ਚੋਈਆਂ
ਪਾਵਰਕੌਮ ਦੇ ਸਥਾਨਕ ਸਰਕਲ ਦਫਤਰ ਸਮੇਤ ਇਸ ਦਫਤਰ ਦੇ ਕੰਪਲੈਕਸ ਦੇ ਅੰਦਰ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਦਫਤਰਾਂ ਦੀਆਂ ਛੱਤਾਂ ਦੇ ਲੀਕ ਕਰਨ ਤੋਂ ਖਫਾ ਮੁਲਾਜ਼ਮਾਂ ਨੇ ਅਦਾਰੇ ਵਲੋਂ ਇਨ੍ਹਾਂ ਪੁਰਾਣੀਆਂ ਇਮਾਰਤਾਂ ਨੂੰ ਦਹਾਕਿਆਂ ਤੋਂ ਮੁਰੰਮਤ ਨਾ ਕਰਵਾਉਣ ਖਿਲਾਫ਼ ਅੱਜ ਇਥੇ ਰੋਹ ਭਰਪੂਰ ਵਿਖਾਵਾ ਕੀਤਾ|
ਰੋਹ ਦਾ ਪ੍ਰਗਟਾਵਾ ਕਰਦੇ ਦਫਤਰਾਂ ਦੇ ਮੁਲਾਜ਼ਮਾਂ ਨੂੰ ਗੁਰਪ੍ਰੀਤ ਸਿੰਘ ਗੰਡੀਵਿੰਡ, ਮੰਡਲ ਲੇਖਾਕਾਰ ਸਿਮਰਨਜੀਤ ਸਿੰਘ, ਸੁਪਰਡੈਂਟ ਕਵਲਜੀਤ ਕੌਰ, ਹਲਕਾ ਸਹਾਇਕ ਜਸਪ੍ਰੀਤ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਅਦਾਰੇ ਦੀਆਂ ਦਹਾਕਿਆਂ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਵੱਲ ਧਿਆਨ ਨਾ ਦੇਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਦਾਰੇ ਦੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਸਰਕਾਰੀ ਰਿਕਾਰਡ ਖਰਾਬ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਇਨ੍ਹਾਂ ਅਣਸੁਰੱਖਿਅਤ ਇਮਾਰਤਾਂ ਦੇ ਥੱਲੇ ਬੈਠਣਾ ਖਤਰਾ ਮੁੱਲ ਲੈਣ ਦੇ ਬਰਾਬਦ ਹੈ| ਛੱਤਾਂ ਦੇ ਲੀਕ ਕਰਨ ਤੋਂ ਬਚਾਅ ਕਰਨ ਲਈ ਡਿਪਟੀ ਚੀਫ਼ ਇੰਜਨੀਅਰ ਮੋਹਤਮ ਸਿੰਘ ਦੇ ਦਫਤਰ ਦੇ ਮੁਲਾਜ਼ਮ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਛੱਤਾਂ ਤੇ ਲੀਕੇਜ ਨੂੰ ਰੋਕਣ ਲਈ ਤਰਪਾਲਾਂ ਪਾਈਆਂ|
ਇਸ ਦੇ ਨਾਲ ਹੀ ਲਗਾਤਾਰ ਬਾਰਸ਼ ਕਰਕੇ ਘਰਾਂ ਦੀਆਂ ਛੱਤਾਂ ਨੂੰ ਲੀਕ ਕਰਨ ਤੋਂ ਰੋਕਣ ਲਈ ਬਾਜ਼ਾਰ ਤੋਂ ਤਰਪਾਲਾਂ ਖਰੀਦਣ ਵਾਲਿਆਂ ਦੀ ਭੀੜ ਲੱਗ ਗਈ ਹੈ ਜਿਸ ਕਰਕੇ ਦੁਕਾਨਦਾਰਾਂ ਨੇ ਤਰਪਾਲਾਂ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ| ਹਾਲਾਂਕਿ ਇੱਕ ਦੁਕਾਨ ਦੇ ਮਾਲਕ ਦੱਸਿਆ ਕਿ ਉਹ ਇਕ ਕਿਲੋ ਪਿੱਛੇ ਕੇਵਲ 5 ਰੁਪਏ ਹੀ ਵੱਧ ਲੈ ਰਹੇ ਹਨ ਭਾਵੇਂ ਕਿ ਹੋਲਸੇਲ ਦੇ ਵਿਕਰੇਤਾਵਾਂ ਨੇ ਇਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ|