ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ; ਦੋ ਗੰਭੀਰ ਜ਼ਖ਼ਮੀ
ਇਥੇ ਪਿੰਡ ਸੰਤੂਨੰਗਲ ਵਿੱਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਕਾਰਨ ਕਾਰਨ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਕਾਰਨ ਉਸ ਕਮਰੇ ਅੰਦਰ ਪਿਆ ਸਾਮਾਨ ਚਕਨਾਚੂਰ ਹੋ ਗਿਆ ਜਦ ਕਿ ਇਸ ਦੌਰਾਨ 2 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆ ਹਨ। ਹਰਜੀਤ ਕੌਰ ਪਤਨੀ ਹਰਦੇਵ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਜਦੋਂ ਮੀਂਹ ਪੈ ਰਿਹਾ ਸੀ ਤਾਂ ਉਨ੍ਹਾਂ ਦੇ ਕਮਰੇ ਦੀ ਛੱਤ ਚੋਅ ਰਹੀ ਸੀ, ਜਦੋਂ ਉਸ ਦਾ ਪੁੱਤਰ ਸ਼ਮਸ਼ੇਰ ਤੇ ਉਸ ਦਾ ਦੋਸਤ ਛੱਤ ਉਪਰ ਤਰਪਾਲ ਪਾਉਣ ਲਈ ਚੜ੍ਹੇ ਤਾਂ ਅਚਾਨਕ ਉਨ੍ਹਾਂ ਦੇ ਮਕਾਨ ਦੀ ਛੱਤ ਦੇ 2 ਪੱਖੇ ਸਣੇ ਗਾਰਡਰ ਬਾਲਿਆਂ ਹੇਠਾਂ ਆ ਪਏ। ਛੱਤ ਡਿੱਗਣ ਕਾਰਨ ਉਨਾਂ ਦੇ ਪੁੱਤਰ ਸ਼ਮਸ਼ੇਰ ਸਿੰਘ ਦੇ ਲੱਕ ’ਤੇ ਅਤੇ ਉਸ ਦੇ ਦੋਸਤ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਥੱਲੇ ਪਿਆ ਲੱਕੜ ਬੈੱਡ, ਫੋਲਡਿੰਗ ਮੰਜੇ, ਟਰੰਕ, ਮੇਜ ਕੁਰਸੀਆਂ, ਛੱਤ ਵਾਲਾ ਪੱਖਾ, ਭਾਂਡੇ, ਟੀਵੀ ਤੇ ਹੋਰ ਕੀਮਤੀ ਸਾਮਾਨ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਵੇਲੇ ਛੱਤ ਡਿੱਗੀ ਤਾਂ ਉਨ੍ਹਾਂ ਦਾ ਪਰਿਵਾਰ ਬਾਹਰ ਸੀ ਜਦ ਕਿ ਉਨ੍ਹਾਂ ਦਾ ਪਤੀ, ਜੋ ਰੀੜ ਦੀ ਹੱਡੀ ਦੀ ਬਿਮਾਰੀ ਦੀ ਤੋਂ ਪੀੜਤ ਹੈ ਅੰਦਰ ਪਿਆ ਸੀ, ਜਿਸਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਮਦਦ ਦੀ ਅਪੀਲ ਕੀਤੀ ਹੈ।