DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਵੀ ਦਾ ਪਾੜ ਪੂਰਨ ਲਈ ਧਾਰਮਿਕ ਸੰਸਥਾਵਾਂ ਅੱਗੇ ਆਈਆਂ

ਸੰਤ ਸੁੱਖਾ ਸਿੰਘ ਦੀ ਅਗਵਾਈ ਹੇਠ ਪਿੰਡ ਘੋਨੇਵਾਲਾ ਪੁੱਜਾ 700 ਸੇਵਕਾਂ ਦਾ ਜਥਾ; ਪ੍ਰਸ਼ਾਸਨ ਵੱਲੋਂ ਵੀ ਦਿੱਤਾ ਜਾ ਰਿਹੈ ਸਹਿਯੋਗ
  • fb
  • twitter
  • whatsapp
  • whatsapp
featured-img featured-img
ਰਾਵੀ ਦਰਿਆ ’ਤੇ ਬੰਨ੍ਹ ਦੀ ਸੇਵਾ ਕਰਨ ਮੌਕੇ ਕਾਰਸੇਵਾ ਵਾਲੇ ਸੰਤ।
Advertisement

ਰਾਵੀ ਦਰਿਆ ਵਿੱਚ ਪਏ ਪਾੜ ਨੂੰ ਪੂਰਨ ਲਈ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਸੁੱਖਾ ਸਿੰਘ ਦੀ ਅਗਵਾਈ ਵਿੱਚ 700 ਕਾਰ ਸੇਵਕਾਂ ਦਾ ਜਥਾ ਪਿੰਡ ਘੋਨੇਵਾਲਾ ਪਹੁੰਚਿਆ। ਇੱਥੇ ਬੰਨ੍ਹ ਵਿੱਚ ਇੱਕ ਪਾਸੇ 200 ਫੁੱਟ ਅਤੇ ਦੂਜੇ ਪਾਸੇ 400 ਫੁੱਟ ਦਾ ਪਾੜ ਹੈ। ਇਸ ਬੰਨ੍ਹ ਦੇ ਟੁੱਟਣ ਨਾਲ ਰਮਦਾਸ ਤੋਂ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਤੱਕ ਦੇ ਪਿੰਡਾਂ ਵਿੱਚ ਪਾਣੀ ਭਰ ਗਿਆ ਸੀ। ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਬੀਤੇ ਕੱਲ ਡੀਸੀ ਅੰਮ੍ਰਿਤਸਰ ਨਾਲ ਵਿਚਾਰ-ਵਟਾਂਦਰਾ ਕਰਕੇ ਸੇਵਾ ਆਰੰਭ ਕਰਨ ਦੀ ਵਿਉਂਤਬੰਦੀ ਕੀਤੀ ਗਈ ਸੀ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਆਖਿਆ ਕਿ ਸਾਲ 2023 ਵਿੱਚ ਸੰਗਤ ਦੇ ਸਹਿਯੋਗ ਨਾਲ 10 ਥਾਵਾਂ ਦਰਿਆਵਾਂ ਦੇ ਬੰਨ੍ਹਾਂ ਦੀ ਸੇਵਾ ਕਰਵਾਈ ਗਈ ਸੀ। ਜਲਦੀ ਹੀ ਰਾਵੀ ਦਾ ਇਹ ਬੰਨ੍ਹ ਵੀ ਮੁੜ ਸੁਰਜੀਤ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਇਸ ਸੇਵਾ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ। ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੇਵਾ ਵਿੱਚ ਪਹੁੰਚਣ ਤਾਂ ਕਿ ਰਾਵੀ ਦੇ ਇਸ ਟੁੱਟੇ ਬੰਨ੍ਹ ਨੂੰ ਛੇਤੀ ਤੋਂ ਛੇਤੀ ਪੂਰਿਆ ਜਾ ਸਕੇ। ਇਸ ਮੌਕੇ ਸੰਗਤ ਵਿੱਚ ਕੁਲਦੀਪ ਸਿੰਘ ਧਾਲੀਵਾਲ ਤੇ ਨਵਜੋਤ ਕੌਰ ਸਿੱਧੂ ਵੀ ਪਹੁੰਚੇ। ਇਸ ਮੌਕੇ ਜਥੇਦਾਰ ਬਾਬਰ ਸਿੰਘ, ਜਥੇਦਾਰ ਬਲਦੇਵ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਸਤਵਿੰਦਰ ਸਿੰਘ ਠੱਠਾ, ਜਥੇਦਾਰ ਜਗਮੋਹਨ ਸਿੰਘ, ਜਥੇਦਾਰ ਗੁਰਜੀਤ ਸਿੰਘ ਵਰਿਆਂ, ਜਥੇਦਾਰ ਪ੍ਰਿਤਪਾਲ ਸਿੰਘ ਭਾਈ ਤੇ ਹੋਰ ਪਤਵੰਤੇ ਹਾਜ਼ਰ ਸਨ। ਸੇਵਾ ਕਰਦੀ ਸੰਗਤ ਲਈ ਗੁਰੂ ਕਾ ਲੰਗਰ ਸਰਹਾਲੀ ਸਾਹਿਬ ਤੋਂ ਤਿਆਰ ਕਰ ਕੇ ਲਿਆਂਦਾ ਗਿਆ।

ਕਾਰ ਸੇਵਾ ਵਾਲੇ ਮਹਾਪੁਰਖਾਂ ਵੱਲੋਂ ਧੁੱਸੀ ਬੰਨ੍ਹ ਪੂਰਨ ਦਾ ਕੰਮ ਸ਼ੁਰੂ

ਅਜਨਾਲਾ (ਸੁਖਦੇਵ ਸਿੰਘ ਸੁਖ): ਅੱਜ ਮਾਛੀਵਾਲ ਦੇ ਤੀਜੇ ਬੰਨ੍ਹ ਨੂੰ ਭਰਨ ਲਈ ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਜਗਤਾਰ ਸਿੰਘ ਤਰਨ ਤਰਨ ਵਾਲਿਆਂ ਨੇ ਅਰਦਾਸ ਕਰ ਕੇ ਕਾਰ ਸੇਵਾ ਸ਼ੁਰੂ ਕਰ ਦਿੱਤੀ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। ਵਿਧਾਇਕ ਸ੍ਰੀ ਧਾਲੀਵਾਲ ਨੇ ਮਹਾਪੁਰਖਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵੱਡੇ ਸੰਕਟ ਵਿੱਚ ਅਜਨਾਲਾ ਪਹੁੰਚ ਕੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਜੋ ਸਾਥ ਦਿੱਤਾ ਹੈ, ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਹ 500 ਮੀਟਰ ਦੇ ਕਰੀਬ ਪਾੜ ਧੁੱਸੀ ਵਿੱਚ ਪਿਆ ਸੀ, ਜਿਸ ਕਾਰਨ ਪਾਣੀ ਅਜਨਾਲਾ ਤੱਕ ਜਾ ਲੱਗਾ ਸੀ। ਉਨ੍ਹਾਂ ਦੱਸਿਆ ਕਿ ਮਹਾਪੁਰਖ ਅੱਜ ਆਪਣੀ ਵੱਡੀ ਗਿਣਤੀ ਵਿੱਚ ਸੰਗਤ, ਮਸ਼ੀਨਰੀ ਨਾਲ ਇੱਥੇ ਪਹੁੰਚੇ ਅਤੇ ਉਨ੍ਹਾਂ ਅਰਦਾਸ ਕਰਕੇ ਇਹ ਮੋਰਚਾ ਫਤਿਹ ਕਰਨ ਲਈ ਕੰਮ ਸ਼ੁਰੂ ਕੀਤਾ।

ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਜਾਰੀ: ਡੀਸੀ

ਸ਼ਾਹਕੋਟ (ਪੱਤਰ ਪ੍ਰੇਰਕ): ਡੀਸੀ ਹਿਮਾਂਸ਼ੂ ਅਗਰਵਾਲ ਨੇ ਗੱਟਾ ਮੁੰਡੀ ਕਾਸੂ ਦੇ ਨਜ਼ਦੀਕ ਬੰਨ੍ਹ ’ਚ ਹੋ ਰਹੇ ਰਿਸਾਅ ਉੱਪਰ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਕਿਹਾ ਕਿ ਫਿਲੌਰ ਤੋਂ ਲੈ ਕੇ ਗਿੱਦੜਪਿੰਡੀ ਤੱਕ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਜਾਰੀ ਹੈ। ਜ਼ਿਲ੍ਹੇ ਅੰਦਰ ਸਥਿਤੀ ਬਿਲਕੁਲ ਕਾਬੂ ਹੇਠ ਹੈ। ਖ਼ਤਰਾ ਅਜੇ ਟਲਿਆ ਨਹੀ ਹੈ। ਮੌਸਮ ਦੇ ਵਿਗੜ ਰਹੇ ਮਿਜਾਜ ਨੂੰ ਦੇਖਦਿਆਂ ਅਜੇ ਵੀ ਬੇਹੱਦ ਚੌਕਸੀ ਰੱਖਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਚਿੱਟੀ ਵੇਈਂ ਵਿੱਚ ਆਏ ਹੜ੍ਹ ਪ੍ਰਭਾਵਿਤ ਪੀੜਤਾਂ ਦੀਆਂ ਮੁਸ਼ਕਲਾਂ ਸੁਣ ਕੇ ਸਰਕਾਰ ਵੱਲੋਂ ਉਨ੍ਹਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਜਿਸ ਥਾਂ ਤੋਂ ਬੰਨ੍ਹ ਕਮਜ਼ੋਰ ਸੀ, ਸਬੰਧਤ ਵਿਭਾਗਾਂ ਦੇ ਮੁਲਾਜ਼ਮਾਂ ਨੇ ਹਾਲ ਦੀ ਘੜੀ ਮਜ਼ਬੂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਮੀਂਹ ਦੇ ਨਾ ਪੈਣ ਕਾਰਨ ਰਾਹਤ ਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਸੀ ਪਰ ਅੱਜ ਫਿਰ ਅਚਾਨਕ ਮੌਸਮ ਦੇ ਖਰਾਬ ਹੁੰਦਿਆਂ ਹੀ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਤਹਿਸੀਲਾਂ ਦੇ ਐੱਸ.ਡੀ.ਐੱਮਜ਼ ਨੂੰ ਬੰਨ੍ਹ ਦੀ ਨਿਗਰਾਨੀ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ।

Advertisement
Advertisement
×