ਜਨਮ ਅਸ਼ਟਮੀ ਮੌਕੇ ਧਾਰਮਿਕ ਸਮਾਗਮ ਕਰਵਾਏ
ਇੱਥੇ ਸ੍ਰੀ ਕਾਲੀਦੁਆਰਾ ਮੰਦਿਰ ਮੇਨ ਬਾਜ਼ਾਰ ਕਾਦੀਆਂ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇੱਥੇ ਪੁਰਾਣੀ ਸਬਜ਼ੀ ਮੰਡੀ ਡਾਕਖਾਨਾ ਚੌਕ ਕਾਦੀਆਂ ਵਿੱਚ ਸ਼ੁੱਕਰਵਾਰ ਰਾਤ ਨੂੰ ਸ੍ਰੀ ਕ੍ਰਿਸ਼ਨ ਰਾਸ ਲੀਲਾ ਅਤੇ ਧਾਰਮਿਕ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਦੌਰਾਨ ਅਭੀ ਮੈਹਰਾ ਬਟਾਲੇ ਵਾਲੇ ਅਤੇ ਸਾਥੀ ਕਲਾਕਾਰਾਂ ਨੇ ਸ੍ਰੀ ਕ੍ਰਿਸ਼ਨ ਰਾਸ ਲੀਲਾ ਦੌਰਾਨ ਭਗਵਾਨ ਕ੍ਰਿਸ਼ਨ ਦੇ ਜੀਵਨ ’ਤੇ ਅਧਾਰਿਤ ਵੱਖ ਵੱਖ ਪੇਸ਼ਕਾਰੀਆਂ ਦੁਆਰਾ ਲੰਮਾ ਸਮਾਂ ਮੰਤਰ ਮੁਗਧ ਕੀਤਾ। ਮਨੋਜ ਸ਼ਰਮਾ ਗਵਾਲੀਅਰ ਵਾਲਿਆਂ ਨੇ ਭਗਵਾਨ ਸ੍ਰੀ ਰਾਧਾ ਕ੍ਰਿਸ਼ਨ ਦੀ ਮਹਿਮਾ ਭਰਪੂਰ ਭਜਨ ਗਾਇਨ ਕੀਤੇ। ਪ੍ਰੋਗਰਾਮ ’ਚ ਮੰਦਿਰ ਕਾਲੀਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਭਾਟੀਆ, ਚੇਅਰਮੈਨ ਰਾਜਿੰਦਰ ਕੁਮਾਰ ਭਾਟੀਆ, ਪ੍ਰੈੱਸ ਸਕੱਤਰ ਅਸ਼ੋਕ ਨਈਅਰ ਸਣੇ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਨਗਰ ਕੌਂਸਲ ਪ੍ਰਧਾਨ ਨੇਹਾ ਦੇ ਪਤੀ ਜੋਗਿੰਦਰਪਾਲ ਨੰਦੂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਪ੍ਰਬੰਧਕਾਂ ਨੇ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।