ਕਿਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੈਲੀ
ਪੱਤਰ ਪ੍ਰੇਰਕ
ਤਰਨ ਤਾਰਨ, 27 ਅਗਸਤ
ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਇਥੋਂ ਦੇ ਚੌਕ ਚਾਰ ਖੰਭਾ ਵਿੱਚ ਇਥੇ ਇਕ ਰੈਲੀ ਕਰਕੇ ਕੇਂਦਰ ਸਰਕਾਰ ਵਲੋਂ ਵਿਦੇਸ਼ਾਂ ਨਾਲ ਵਪਾਰ ਕਰਨ ਲਈ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਤਿੱਖੀ ਆਲੋਚਨਾ ਕਰਦਿਆਂ ਦੇਸ਼ ਅਤੇ ਪੰਜਾਬ ਦੇ ਹਿੱਤਾਂ ਦੀ ਖਾਤਰ ਸਭਨਾਂ ਸੂਬਿਆਂ ਨਾਲ ਇਕ ਵਿਵਹਾਰ ਕੀਤੇ ਜਾਣ ਦੀ ਮੰਗ ਕੀਤੀ| ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਜਥੇਬੰਦੀ ਦੇ ਸੂਬਾ ਆਗੂ ਜਤਿੰਦਰ ਸਿੰਘ ਛੀਨਾ, ਜਿਲ੍ਹਾ ਪ੍ਰਧਾਨ ਨਛੱਤਰ ਸਿੰਘ, ਸਤਪਾਲ ਸਿੰਘ ਨੱਥੋਕੇ, ਗੁਰਬਰਿੰਦਰ ਸਿੰਘ ਬੋਬੀ, ਕਲਦੀਪ ਸਿੰਘ ਬੈਂਕਾ, ਸੁਖਦੇਵ ਸਿੰਘ ਸਰਹਾਲੀ ਖੁਰਦ ਨੇ ਸੰਬੋਧਨ ਕੀਤਾ| ਬੁਲਾਰਿਆਂ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਸੜਕੀ ਰਸਤੇ ਵਪਾਰ ਬੰਦ ਕਰ ਦੇਣ ਅਤੇ ਇਸ ਨੂੰ ਅਡਾਨੀ ਦੀ ਮੁਦਰਾ ਬੰਦਰਗਾਹ ਤੋ ਲਗਾਤਾਰ ਜਾਰੀ ਰੱਖੇ ਜਾਣ ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ| ਆਗੂਆਂ ਨੇ ਕਿਹਾ ਕਿ ਜੇਕਰ ਇਹ ਵਪਾਰ ਮੁਦਰਾ ਬੰਦਰਗਾਹ ਰਸਤੇ ਚੱਲ ਸਕਦਾ ਹੈ ਤਾਂ ਇਸ ਨੂੰ ਵਾਹਗਾ ਰਸਤੇ ਅਟਾਰੀ ਰਾਹੀਂ ਵੀ ਚਾਲੂ ਕੀਤਾ ਜਾਣਾ ਚਾਹੀਦਾ ਹੈ|
ਆਗੂਆਂ ਨੇ ਕਿਹਾ ਕਿ ਇਸ ਮੰਗ ’ਤੇ ਜ਼ੋਰ ਪਾਉਣ ਲਈ ਕਿਰਤੀ ਕਿਸਾਨ ਯੂਨੀਅਨ ਨੇ ਸੜਕੀ ਰਸਤੇ ਵਪਾਰ ਖੋਲ੍ਹਣ ਦੀ ਮੰਗ ਨੂੰ ਲੈ ਕੇ 18 ਸਤੰਬਰ ਨੂੰ ਅਟਾਰੀ ਬਾਰਡਰ ’ਤੇ ਅਤੇ 20 ਸਤੰਬਰ ਨੂੰ ਹੁਸੈਨੀਵਾਲਾ ਬਾਰਡਰ ’ਤੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਵਿੱਚ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ| ਜਥੇਬੰਦੀ ਨੇ 18 ਸਤੰਬਰ ਦੀ ਅਟਾਰੀ ਵਾਹਗਾ ਰੈਲੀ ਨੂੰ ਸਫਲ ਬਣਾਉਣ ਲਈ ਵੱਖ ਵੱਖ ਆਗੂਆਂ ਨੂੰ ਪਿੰਡਾਂ ਵਿੱਚ ਮੀਟਿੰਗਾਂ ਕਰਨ, ਇਸ਼ਤਿਹਾਰ ਲਾਉਣ ਅਤੇ ਹੋਰ ਸਾਹਿਤ ਵੰਡਣ ਲਈ ਕਿਹਾ ਹੈ|