ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ , 7 ਜੁਲਾਈ
ਅੰਮ੍ਰਿਤਸਰ ਵਿੱਚ ਅੱਜ ਦੁਪਹਿਰ ਸਮੇਂ ਹੋਈ ਭਾਰੀ ਬਾਰਿਸ਼ ਨੇ ਸ਼ਹਿਰ ਵਿੱਚ ਜਲਥਲ ਕਰ ਦਿੱਤਾ ਜਿਸ ਨਾਲ ਤਾਪਮਾਨ ਡਿੱਗ ਗਿਆ। ਮੌਸਮ ਵਿਭਾਗ ਵੱਲੋਂ ਭਾਵੇਂ ਤੜਕੇ ਸਵੇਰ ਤੋਂ ਹੀ ਬਾਰਿਸ਼ ਹੋਣ ਦਾ ਅਨੁਮਾਨ ਲਾਇਆ ਗਿਆ ਸੀ ਪਰ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਬਾਰਿਸ਼ ਦੁਪਹਿਰ ਵੇਲੇ ਸ਼ੁਰੂ ਹੋਈ। ਸੰਘਣੇ ਬੱਦਲਾਂ ਦੇ ਨਾਲ ਹਵਾ ਵੀ ਚੱਲੀ ਅਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਜੋ ਲਗਭਗ ਦੋ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਮੌਸਮ ਵਿਭਾਗ ਮੁਤਾਬਕ ਦੁਪਹਿਰ ਵੇਲੇ ਲਗਭਗ 60 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ ਜਦੋਂ ਕਿ ਰਾਤ ਵੇਲੇ ਵੱਖ-ਵੱਖ ਥਾਵਾਂ ਤੇ 18 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ।
ਭਾਰੀ ਬਾਰਿਸ਼ ਦੇ ਨਾਲ ਸਮੁੱਚੇ ਸ਼ਹਿਰ ਵਿੱਚ ਜਲ ਥਲ ਹੋ ਗਈ ਅਤੇ ਖਾਸ ਕਰਕੇ ਕੁਝ ਨੀਵੇਂ ਇਲਾਕਿਆਂ ਵਿੱਚ ਸ਼ਾਮ ਤੱਕ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਖੜ੍ਹਾ ਸੀ। ਲੇਕਿਨ ਭਾਰੀ ਬਾਰਿਸ਼ ਤੋਂ ਬਾਅਦ ਸਮੁੱਚਾ ਸ਼ਹਿਰ ਹੀ ਜਲਥਲ ਹੋਇਆ ਨਜ਼ਰ ਆਇਆ, ਹਰ ਸੜਕ ’ਤੇ ਪਾਣੀ ਸੀ ਅਤੇ ਪਾਣੀ ਵਿੱਚੋਂ ਲੰਘਣ ਵਾਸਤੇ ਲੋਕਾਂ ਨੂੰ ਮੁਸ਼ੱਕਤ ਕਰਨੀ ਪੈ ਰਹੀ ਸੀ। ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ’ਤੇ ਬਣੀ ਹੈਰੀਟੇਜ ਸਟਰੀਟ ਵਿੱਚ ਪਾਣੀ ਖੜ੍ਹਾ ਗਿਆ ਤੇ ਲੋਕਾਂ ਨੂੰ ਲੰਘਣ ਵਿੱਚ ਮੁਸ਼ਕਲ ਪੇਸ਼ ਆਈ। ਸ਼ਰਧਾਲੂ ਆਪਣਾ ਸਾਮਾਨ ਅਤੇ ਜੁੱਤੀਆਂ ਆਦਿ ਹੱਥ ਵਿੱਚ ਲੈ ਕੇ ਨੰਗੇ ਪੈਰ ਲੰਘ ਰਹੇ ਸਨ। ਸ਼ਹਿਰ ਵਿੱਚ ਕਈ ਥਾਵਾਂ ਤੇ ਸੀਵਰੇਜ ਬੰਦ ਹੋਣ ਕਾਰਨ ਵੀ ਪਾਣੀ ਦੀ ਨਿਕਾਸੀ ਵਿੱਚ ਮੁਸ਼ਕਲ ਪੇਸ਼ ਆਈ ਹੈ। ਨਗਰ ਨਿਗਮ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਗਮ ਨੇ ਵੱਖ-ਵੱਖ ਟੀਮਾਂ ਬਣਾਈਆਂ ਹਨ ਤਾਂ ਜੋ ਪਾਣੀ ਦੀ ਤੁਰੰਤ ਨਿਕਾਸੀ ਦਾ ਪ੍ਰਬੰਧ ਹੋ ਸਕੇ, ਪਰ ਅੱਜ ਬਾਰਿਸ਼ ਤੋਂ ਬਾਅਦ ਨਿਗਮ ਦੇ ਇਹ ਦਾਅਵੇ ਖੋਖਲੇ ਸਾਬਤ ਹੋਏ ਹਨ। ਦੇਰ ਤੱਕ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕਾਂ ਤੇ ਖੜਾ ਸੀ।
ਭਾਰੀ ਬਾਰਿਸ਼ ਦੇ ਕਾਰਨ ਤਾਪਮਾਨ ਵੀ ਹੇਠਾਂ ਆਇਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਬਾਰਿਸ਼ ਦੇ ਕਾਰਨ ਤਾਪਮਾਨ ਵਧੇਰੇ ਹੇਠਾਂ ਆਇਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀ ਨਗੋਈ ਦੇ ਮੁਤਾਬਕ ਰਾਤ ਵੇਲੇ ਅਤੇ ਭਲਕੇ ਵੀ ਬਾਰਿਸ਼ ਪੈਣ ਦਾ ਅਨੁਮਾਨ ਹੈ। ਬਾਰਿਸ਼ ਤੋਂ ਬਾਅਦ ਬਿਜਲੀ ਵਿਭਾਗ ਨੇ ਵੀ ਰਾਹਤ ਮਹਿਸੂਸ ਕੀਤੀ। ਖੇਤੀਬਾੜੀ ਵਿਭਾਗ ਨੇ ਵੀ ਝੋਨੇ ਦੀ ਫਸਲ ਵਾਸਤੇ ਬਾਰਿਸ਼ ਨੂੰ ਲਾਹੇਵੰਦ ਕਰਾਰ ਦਿੱਤਾ ਹੈ।