ਚੰਡੀਗੜ੍ਹ ਮੋਰਚਾ ਨਾਕਾਮ ਕਰਨ ਲਈ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇ
ਕੇਪੀ ਸਿੰਘ
ਗੁਰਦਾਸਪੁਰ, 4 ਮਾਰਚ
ਕਿਸਾਨ ਜਥੇਬੰਦੀਆਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿੱਚ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਪੁਲੀਸ ਵੱਲੋਂ ਸੋਮਵਾਰ ਦੇਰ ਰਾਤ ਤੋਂ ਹੀ ਵੱਖ-ਵੱਖ ਇਲਾਕਿਆਂ ਵਿੱਚੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਮਿਆਣੀ ਨੂੰ ਪੁਲਿਸ ਨੇ ਅੱਜ ਸਵੇਰੇ 4 ਵਜੇ ਉਨ੍ਹਾਂ ਦੇ ਘਰੋਂ ਹਿਰਾਸਤ ’ਚ ਲੈ ਕੇ ਥਾਣਾ ਸਿਟੀ ਗੁਰਦਾਸਪੁਰ ਲਿਜਾਇਆ ਗਿਆ। ਪੁੱਛ-ਪੜਤਾਲ ਮਗਰੋਂ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਕਿਸਾਨ ਆਗੂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੋਧਾ ਸਿੰਘ ਪਹਾੜੀਪੁਰ, ਦਲਬੀਰ ਸਿੰਘ ਜੀਵਨ ਚੱਕ ਤੇ ਬੰਤਾ ਸਿੰਘ ਜੀਵਨ ਚੱਕ ਨੂੰ ਵੀ ਪੁਲੀਸ ਵੱਲੋਂ ਨਜ਼ਰਬੰਦ ਕੀਤਾ ਗਿਆ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੂੰ ਪੂਰੇ ਪੰਜਾਬ ਵਿੱਚ ਦੇਰ ਰਾਤ ਘਰਾਂ ਤੋਂ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਦੇਰ ਰਾਤ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਮਨੋਹਰਸਿੰਘ, ਰਣਜੀਤ ਸਿੰਘ ਪਿੰਡ ਔਲਖ ਬੇਟ ਪ੍ਰਧਾਨ ਦਿਹਾਤੀ ਕਾਹਨੂੰਵਾਨ, ਗੁਰਦੇਵ ਸਿੰਘ ਕਾਹਨੂੰਵਾਨ ਸਿਟੀ ਪ੍ਰਧਾਨ ਅਤੇ ਸਰਪ੍ਰਸਤ ਕਸ਼ਮੀਰ ਸਿੰਘ ਤੁਗਲਵਾਲ ਸਰਪ੍ਰਸਤ ਨੂੰ ਵੀ ਘਰੋਂ ਚੁੱਕ ਲਿਆ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਨੇਤਾ ਸਤਿਬੀਰ ਸਿੰਘ ਸੁਲਤਾਨੀ ਨੂੰ ਵੀ ਬੀਤੀ ਰਾਤ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਹੈ। ਇਸ ਦੇ ਰੋਸ ਵੱਜੋ ਕਿਸਾਨਾਂ ਨੇ ਐੱਸਐੱਸਪੀ ਦਫ਼ਤਰ ਗੁਰਦਾਸਪੁਰ ਮੂਹਰੇ ਪ੍ਰਦਰਸ਼ਨ ਵੀ ਕੀਤਾ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਅੱਧੀ ਰਾਤ ਤੋਂ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸੇ ਦੌਰਾਨ ਜ਼ਿਲ੍ਹੇ ਵਿੱਚ ਵੀ ਬੀਕੇਯੂ ਉਗਰਾਹਾਂ ਦੇ ਆਗੂਆਂ ਦੇ ਘਰਾਂ ’ਤੇ ਛਾਪੇ ਮਾਰੇ ਗਏ ਜਿਸ ਵਿੱਚ ਕੁਝ ਆਗੂਆਂ ਨੂੰ ਥਾਣਿਆਂ ’ਚ ਬੰਦ ਕੀਤਾ ਗਿਆ। ਇਨ੍ਹਾਂ ਨੂੰ ਛੁਡਾਉਣ ਲਈ ਕਿਸਾਨ ਕਾਰਕੁਨਾਂ ਵੱਲੋਂ ਪੁਲੀਸ ਚੌਕੀ ਜੈਂਤੀਪੁਰ, ਥਾਣਾ ਘਰਿੰਡਾ ਤੇ ਥਾਣਾ ਲੋਪੇਕੇ ਅੱਗੇ ਧਰਨੇ ਦਿੱਤੇ ਗਏ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਨੂੰ ਫੜਨ ਗਈ ਪੁਲੀਸ ਦਾ ਪਿੰਡ ਧੰਗਈ ’ਚ ਘਿਰਾਓ ਕੀਤਾ ਗਿਆ। ਇਸ ਤਰ੍ਹਾਂ ਜੈਤੀਪੁਰ ਚੌਕੀ ਤੋਂ ਬਲਾਕ ਪ੍ਰਧਾਨ ਬਾਬਾ ਜਗਜੀਵਨ ਸਿੰਘ ਤੇ ਰਛਪਾਲ ਟਰਪਈ, ਥਾਣਾ ਲੋਪੇਕੇ ਤੋਂ ਬਾਬਾ ਰਾਜਨ ਸਿੰਘ ਤੇ ਵਿਰਸਾ ਸਿੰਘ ਟਪਿਆਲਾ ਅਤੇ ਥਾਣਾ ਘਰਿੰਡਾ ਤੋ ਸਤਨਾਮ ਸਿੰਘ ਭਕਨਾ ਤੇ ਇੰਦਰਜੀਤ ਸਿੰਘ ਨੂੰ ਰਿਹਾਅ ਕਰਵਾਇਆ ਗਿਆ। ਇਸ ਦੇ ਨਾਲ ਹੀ ਸੂਬਾ ਕਮੇਟੀ ਦੇ ਫੈਸਲੇ ’ਤੇ ਪਿੰਡਾਂ ’ਚ ਮੁੱਖ ਮੰਤਰੀ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ।
ਜੰਡਿਆਲਾ ਗੁਰੂ (ਸਿਮਰਤ ਪਾਲ ਬੇਦੀ): ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ’ਚ ਲਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਫੇਲ੍ਹ ਕਰਨ ਲਈ ਅੱਜ ਤੜਕੇ ਪੁਲੀਸ ਨੇ ਕਿਸਾਨ ਆਗੂਆਂ ਲਖਬੀਰ ਸਿੰਘ ਨਿਜਾਮਪੁਰ (ਸੂਬਾ ਮੀਤ ਪ੍ਰਧਾਨ, ਕੁੱਲ ਹਿੰਦ ਕਿਸਾਨ ਸਭਾ ਪੰਜਾਬ), ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਆਗੂ ਭੁਪਿੰਦਰ ਸਿੰਘ ਤੀਰਥਪੁਰ, ਗੁਰਮੱਖ ਸਿੰਘ ਸ਼ੇਰਗਿੱਲ, ਮੂਰਤਾ ਸਿੰਘ ਧੀਰੇ ਕੋਟ ਅਤੇ ਇੰਦਰਜੀਤ ਸਿੰਘ ਮੱਲੀਆਂ ਦੇ ਘਰਾਂ ’ਤੇ ਛਾਪੇ ਮਾਰੇ। ਕਿਸਾਨ ਆਗੂ ਲਖਬੀਰ ਸਿੰਘ ਨਿਜਾਮਪੁਰ ਪਹਿਲਾਂ ਹੀ ਆਸੇ-ਪਾਸੇ ਹੋਣ ਕਾਰਨ ਪੁਲੀਸ ਦੇ ਹੱਥ ਨਹੀਂ ਆਏ, ਪਰ ਦੂਸਰੇ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸੇ ਤਰ੍ਹਾਂ ਬਜ਼ੁਰਗ ਕਿਸਾਨ ਆਗੂ ਪਿਆਰਾ ਸਿੰਘ ਧਾਰੜ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਸ਼ਾਹਕੋਟ (ਗੁਰਮੀਤ ਖੋਸਲਾ): ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 5 ਮਾਰਚ ਨੂੰ ਚੰਡੀਗੜ੍ਹ ਵਿੱਚ ਲਗਾਏ ਜਾ ਰਹੇ ਮੋਰਚੇ ਨੂੰ ਅਸਫਲ ਬਣਾਉਣ ਲਈ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਸ਼ਾਹਕੋਟ ਪੁਲੀਸ ਨੇ ਅੱਜ ਤੜਕਸਾਕ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਗੁਰਚਰਨ ਸਿੰਘ, ਪ੍ਰੈੱਸ ਸਕੱਤਰ ਮਨਜੀਤ ਸਿੰਘ ਮਲਸੀਆਂ, ਵਿੱਤ ਸਕੱਤਰ ਜਸਪਾਲ ਸਿੰਘ ਸੰਢਾਂਵਾਲ, ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਆਗੂ ਅਮਨਦੀਪ ਸਿੰਘ ਅਮਨਾ, ਬੀਕੇਯੂ (ਲੱਖੋਵਾਲ) ਦੇ ਬਲਦੇਵ ਸਿੰਘ ਅਤੇ ਮਹਿਤਪੁਰ ਪੁਲੀਸ ਨੇ ਬੀਕੇਯੂ (ਰਾਜੇਵਾਲ) ਦੇ ਕੁਲਵੰਤ ਸਿੰਘ ਮਹੇੜੂ ਅਤੇ ਜਸਪਾਲ ਸਿੰਘ ਮਹਿਸਮਪੁਰ ਨੂੰ ਹਿਰਾਸਤ ਵਿੱਚ ਲੈ ਲਿਆ। ਬੀ.ਕੇ.ਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਦੇ ਘਰ ਵੀ ਪੁਲੀਸ ਚੌਕੀ ਉੱਗੀ ਨੇ ਤੜਕੇ ਛਾਪਾਮਾਰੀ ਕੀਤੀ ਪਰ ਉਹ ਉਸ ਸਮੇਂ ਘਰ ਵਿੱਚ ਮੌਜੂਦ ਨਾ ਹੋਣ ਕਾਰਨ ਪੁਲੀਸ ਦੇ ਹੱਥ ਨਾ ਆਏ।
ਪੁਲੀਸ ਵੱਲੋਂ ਕਿਸਾਨ ਆਗੂਆਂ ਦੇ ਘਰ ਛਾਪਾਮਾਰੀ ਕੀਤੇ ਜਾਣ ਦੇ ਵਿਰੋਧ ’ਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਮਲਸੀਆਂ ਵਿਚ ਮੁਜ਼ਾਹਰਾ ਕਰ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ।
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਸਰਕਾਰ ਦੀ ਕਿਸਾਨ ਜਥੇਬੰਦੀਆਂ ਨਾਲ ਬੀਤੇ ਕੱਲ੍ਹ ਹੋਈ ਮੀਟਿੰਗ ਬੇਸਿੱਟਾ ਰਹਿਣ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ’ਤੇ ਸਰਕਾਰ ਦੇ ਪੁਤਲੇ ਸਾੜੇ ਗਏ|
ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਵਲੋਂ ਭਲਕੇ ਚੰਡੀਗੜ੍ਹ ਵਿੱਚ ਲਗਾਏ ਜਾ ਰਹੇ ਮੋਰਚੇ ਵਿੱਚ ਕਿਸਾਨਾਂ ਦੇ ਸ਼ਾਮਲ ਹੋਣ ਤੋਂ ਰੋਕਣ ਲਈ ਮੋਰਚਾ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਦੇ ਕਈ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ| ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਛੱਤਰ ਸਿੰਘ ਪੰਨੂੰ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ ਆਦਿ ਆਗੂਆਂ ਨੇ ਦੱਸਿਆ ਕਿ ਮੋਰਚਾ ਦੇ ਆਗੂਆਂ ਨੇ ਅੱਜ ਥਾਣਾ ਸਰਹਾਲੀ, ਝਬਾਲ, ਵੈਰੋਵਾਲ ਸਮੇਤ ਹੋਰਨਾਂ ਥਾਣਿਆਂ ਸਾਹਮਣੇ ਵਿਖਾਵੇ ਕੀਤੇ ਅਤੇ ਸਰਕਾਰ ਦੀਆਂ ਅਰਥੀਆਂ ਸਾੜੀਆਂ| ਪੁਲੀਸ ਵੱਲੋਂ ਮੋਰਚਾ ਦੇ ਆਗੂ ਸੁਖਦੇਵ ਸਿੰਘ ਸਰਹਾਲੀ, ਸੁਖਚੈਨ ਸਿੰਘ ਸਰਹਾਲੀ ਖੁਰਦ, ਬਲਕਾਰ ਸਿੰਘ ਜੰਡੋਕੇ, ਬਲਵੰਤ ਸਿੰਘ ਖਹਿਰਾ, ਸਤਪਾਲ ਸਿੰਘ ਨੱਥੋਕੇ, ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਮੁਖਤਿਆਰ ਸਿੰਘ ਮੱਲਾ, ਰੇਸ਼ਮ ਸਿੰਘ ਫੈਲੋਕੇ, ਹਰਭਜਨ ਸਿੰਘ ਪੱਟੀ, ਪਰਦੀਪ ਸਿੰਘ ਵਲਟੋਹਾ, ਅਜੈਬ ਸਿੰਘ ਦੀਨਪੁਰ, ਕੈਪਟਨ ਸਿੰਘ ਬਘਿਆੜੀ, ਕੁਲਦੀਪ ਸਿੰਘ ਦੀਨਪੁਰ, ਜਸਬੀਰ ਸਿੰਘ ਪੰਨੂ ਸਮੇਤ ਬੀਕੇਯੂ (ਉਗਰਾਹਾਂ) ਤੇ ਹੋਰ ਜਥੇਬੰਦੀਆਂ ਦੇ ਸਾਥੀਆਂ ਨੂੰ ਅੱਜ ਸਵੇਰੇ ਵੇਲੇ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ’ਚ ਲੈ ਲਿਆ ਗਿਆ ਹੈ|
ਟਾਂਡਾ (ਸੁਰਿੰਦਰ ਗੁਰਾਇਆ): ਕਿਸਾਨੀ ਮੰਗਾਂ ਨੂੰ ਲੈ ਕੇ ਭਲਕੇ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ’ਚ ਧਰਨਾ ਲਾਉਣ ਦੇ ਐਲਾਨ ਦੇ ਮੱਦਨਜ਼ਰ ਟਾਂਡਾ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਅੱਜ ਤੜਕਸਾਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਪੁਲੀਸ ਦੀ ਟੀਮ ਚੌਹਾਨ ਦੇ ਗ੍ਰਹਿ ਪਿੰਡ ਰਸੂਲਪੁਰ ਪਹੁੰਚੀ, ਜਿੱਥੋਂ ਚੌਹਾਨ ਨੂੰ ਹਿਰਾਸਤ ’ਚ ਲੈ ਕੇ ਥਾਣਾ ਟਾਂਡਾ ਲਿਆਂਦਾ ਗਿਆ। ਬਾਅਦ ਵਿੱਚ ਚੌਹਾਨ ਨੂੰ ਥਾਣੇ ਤੋਂ ਘਰ ਲਿਜਾ ਕੇ ਨਜ਼ਰਬੰਦ ਕਰ ਦਿੱਤਾ।
ਦਸੂਹਾ (ਭਗਵਾਨ ਦਾਸ ਸੰਦਲ): ਕਿਸਾਨ ਆਗੂ ਮਹਿਤਾਬ ਸਿੰਘ ਹੁੰਦਲ ਨੇ ਦੱਸਿਆ ਕਿ ਦਸੂਹਾ ਪੁਲੀਸ ਨੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ। ਬੇਸ਼ੱਕ ਉਹ ਘਰ ’ਚ ਮੌਜੂਦ ਨਹੀਂ ਸਨ ਪਰ ਇਸ ਦੇ ਬਾਵਜੂਦ ਪੁਲੀਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਜ਼ਰਬੰਦ ਕਰ ਦਿੱਤਾ।
ਰੰਧਾਵਾ ਵੱਲੋਂ ਕਿਸਾਨਾਂ ਨੂੰ ਹਿਰਾਸਤ ’ਚ ਲੈਣ ਦੀ ਨਿੰਦਾ
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਸੰਸਦ ਮੈਂਬਰ ਅਤੇ ਰਾਜਸਥਾਨ ਤੋਂ ਕਾਂਗਰਸ ਦੇ ਸਕੱਤਰ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਘਰਾਂ ਵਿੱਚ ਅੱਧੀ ਰਾਤ ਪੁਲੀਸ ਵੱਲੋਂ ਛਾਪੇ ਮਾਰਨ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੇ ਪੰਜਾਬ ਸਰਕਾਰ ਦੇ ਵਰਤਾਰੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲੀਸ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ। ਰੰਧਾਵਾ ਨੇ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਅਤੇ ਕਿਸਾਨ ਜਥੇਬੰਦੀਆਂ ਦੌਰਾਨ ਹੋਈ ਮੀਟਿੰਗ ’ਚ ਮਾਨ ਵੱਲੋਂ ਮਾੜੀ ਤੇ ਧਮਕੀ ਭਰੀ ਸ਼ਬਦਾਵਲੀ ਨੂੰ ਵਾਜਬ ਨਹੀਂ ਆਖਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦਾ ਕੰਮ ਹੈ,ਕਿਸਾਨ, ਮਜ਼ਦੂਰ ਅਤੇ ਹੋਰ ਵਰਗਾਂ ਦੀਆਂ ਮੰਗਾਂ ਅਤੇ ਮਸਲੇ ਕੇਂਦਰ ਸਰਕਾਰ ਅੱਗੇ ਰੱਖਣ।