ਪੱਤਰ ਪ੍ਰੇਰਕ
ਪਠਾਨਕੋਟ, 7 ਜੁਲਾਈ
ਬੈਰਾਜ ਆਊਸਟੀ ਸੰਘਰਸ਼ ਕਮੇਟੀ ਵੱਲੋਂ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ 97ਵੇਂ ਦਿਨ ਵੀ ਆਪਣੀ ਭੁੱਖ ਹੜਤਾਲ ਅਤੇ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਇਹ ਰੋਸ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਸ਼ਾਹਪੁਰਕੰਢੀ ਵਿਖੇ ਮੁੱਖ ਇੰਜਨੀਅਰ ਦੇ ਦਫਤਰ ਮੂਹਰੇ ਕੀਤੀ ਜਾ ਰਹੀ ਹੈ। ਅੱਜ ਭੁੱਖ ਹੜਤਾਲ ’ਤੇ ਬੈਠੇ 5 ਮੈਂਬਰਾਂ ਵਿੱਚ ਕਰਨਵੀਰ ਸਿੰਘ ਸ਼ਾਹਪੁਰਕੰਢੀ, ਰੋਹਿਤ ਕੁਮਾਰ ਜੈਨੀ, ਜਤਿੰਦਰ ਸਿੰਘ ਕੋਟ, ਬਲਵਿੰਦਰ ਸਿੰਘ ਰਾਜਪੁਰਾ ਅਤੇ ਅਮਿਤ ਕੁਮਾਰ ਅਦਿਆਲ ਸ਼ਾਮਲ ਹਨ। ਇਨ੍ਹਾਂ ਦੇ ਇਲਾਵਾ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸੁਰਜੀਤ ਸਿੰਘ, ਰਵਿੰਦਰ ਬਾਬਾ, ਰੋਹਿਤ ਕੁਮਾਰ, ਅੰਸ਼ੂ ਸ਼ਰਮਾ, ਰਮੇਸ਼ ਕੁਮਾਰ, ਅਵਧੇਸ਼ ਸ਼ਰਮਾ, ਆਦਰਸ਼ ਬਾਲਾ, ਸੁਨੀਤਾ ਦੇਵੀ ਆਦਿ ਸ਼ਾਮਲ ਸਨ।
ਸੰਘਰਸ਼ ਕਮੇਟੀ ਆਗੂ ਜਸਵੰਤ ਸਿੰਘ ਸੰਧੂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦੇ ਦਾਅਵੇ ਅਤੇ ਵਾਅਦੇ ਕਰ ਰਹੀ ਹੈ ਪਰ ਦੂਸਰੇ ਪਾਸੇ ਸ਼ਾਹਪੁਰਕੰਢੀ ਡੈਮ ਦੀ ਝੀਲ ਬਣਨ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਅਜੇ ਤੱਕ ਨਾ ਤਾਂ ਕੋਈ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਉਜਾੜਾ ਭੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਭਾਵਿਤ ਪਰਿਵਾਰਾਂ ਲਈ ਰੁਜ਼ਗਾਰ ਦੇਣ ਲਈ ਕੋਈ ਜਲਦੀ ਸਕਾਰਾਤਮਕ ਕਦਮ ਨਾ ਚੁੱਕੇ ਗਏ ਤਾਂ ਉਹ 15 ਜੁਲਾਈ ਨੂੰ ਸੰਘਰਸ਼ ਤੇਜ਼ ਕਰਦੇ ਹੋਏ ਮੁੜ ਚੀਫ ਇੰਜਨੀਅਰ ਦਫਤਰ ਮੂਹਰੇ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕਰਨਗੇ।