ਸ਼ਾਹਪੁਰਕੰਢੀ ਡੈਮ ਦੀ ਝੀਲ ਬਣਨ ਨਾਲ ਉੱਜੜੇ ਪਰਿਵਾਰਾਂ ਵੱਲੋਂ ਧਰਨਾ
ਸ਼ਾਹਪੁਰਕੰਢੀ ਡੈਮ ਦੀ ਝੀਲ ਬਣਨ ਨਾਲ ਉਜੜ ਗਏ ਪਰਿਵਾਰਾਂ ਨੇ ਆਪਣੇ ਰੁਜ਼ਗਾਰ ਅਤੇ ਹੋਰ ਮੰਗਾਂ ਮਨਵਾਉਣ ਲਈ ਡੈਮ ਪ੍ਰਸ਼ਾਸਨ ਦੇ ਚੀਫ ਇੰਜੀਨੀਅਰ ਦਫ਼ਤਰ ਅੱਗੇ ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸੰਧੂ ਅਤੇ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਰਵਿੰਦਰ ਬਾਬਾ, ਰੋਹਿਤ ਕੁਮਾਰ, ਸੁਰਜੀਤ ਸਿੰਘ, ਯੁਵਰਾਜ ਸਿੰਘ, ਸੁਰਿੰਦਰ ਕੁਮਾਰ ਮੱਟੀ, ਸੁਰੇਸ਼ ਸਿੰਘ ਸੁੰਬਰੀਆ, ਵਿਨੋਦ ਸ਼ਰਮਾ, ਚੈਨ ਸਿੰਘ, ਆਦਰਸ਼ ਬਾਲਾ, ਸ਼ਕਤੀ ਦੇਵੀ, ਵਿਨੋਦ ਕੁਮਾਰੀ, ਯਸ਼ੋਦਰਾ ਦੇਵੀ, ਰਜਨੀ ਦੇਵੀ, ਕਮਲੇਸ਼ ਕੌਰ, ਰਮੇਸ਼ ਕੁਮਾਰ, ਸ਼ਾਮ ਲਾਲ ਆਦਿ ਸ਼ਾਮਲ ਸਨ। ਪ੍ਰਭਾਵਿਤ ਪਰਿਵਾਰਾਂ ਅਤੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ 105 ਦਿਨਾਂ ਤੋਂ ਲਗਤਾਰ ਧਰਨੇ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਨਾ ਤਾਂ ਬੈਰਾਜ ਡੈਮ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਇਸ ਵੱਲ ਕੋਈ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੈਰਾਜ ਡੈਮ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਬੈਰਾਜ ਡੈਮ ਦੀ ਬਣੀ ਹੋਈ ਝੀਲ ਲਈ ਉਨ੍ਹਾਂ ਦੇ ਕਈ ਪਿੰਡਾਂ ਦੀ ਭੂਮੀ ਅਤੇ ਮਕਾਨਾਂ ਨੂੰ ਐਕੁਆਇਰ ਕੀਤਾ ਸੀ। ਜਿਸ ਲਈ ਪਾਲਸੀ ਅਨੁਸਾਰ ਪੁਨਰਵਾਸ ਭੱਤਾ ਅਤੇ ਰੁਜ਼ਗਾਰ ਦਿੱਤਾ ਜਾਣਾ ਸੀ ਪਰ ਬੈਰਾਜ ਡੈਮ ਪ੍ਰਸ਼ਾਸਨ ਨੇ ਆਪਣੀ ਮਨਮਾਨੀ ਕਰਕੇ ਪਾਲਸੀ ਵਿੱਚ ਤਰਮੀਮਾਂ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਜਿਸ ਕਾਰਨ ਹਾਲੇ ਤੱਕ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਆਰਐਂਡਆਰ ਪਾਲਸੀ ਨੂੰ ਬਹਾਲ ਕੀਤਾ ਜਾਵੇ, ਰੁਜ਼ਗਾਰ ਦਿੱਤਾ ਜਾਵੇ ਅਤੇ ਪੁਨਰਵਾਸ ਭੱਤਾ ਦਿੱਤਾ ਜਾਵੇ। ਸ਼ਾਹਪੁਰਕੰਢੀ ਡੈਮ ਦੇ ਨਿਗਰਾਨ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵੱਲੋਂ ਜਲ ਸਰੋਤ ਵਿਭਾਗ ਦੇ ਉਚ-ਅਧਿਕਾਰੀਆਂ ਨੂੰ ਮੰਗਾਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।