DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖਿਆ ਤੋਂ ਬਿਨਾਂ ਤਰੱਕੀ ਸੰਭਵ ਨਹੀਂ: ਪੰਨੂ

ਪੁਸਤਕ ਮੇਲੇ ਦੌਰਾਨ ‘ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ’ ਵਿਸ਼ੇ ਉੱਤੇ ਸੈਮੀਨਾਰ

  • fb
  • twitter
  • whatsapp
  • whatsapp
featured-img featured-img
ਕਾਹਨ ਸਿੰਘ ਪਨੂੰ ਨੂੰ ਸਨਮਾਨਦੇ ਹੋਏ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ।
Advertisement
ਖ਼ਾਲਸਾ ਯੂਨੀਵਰਸਿਟੀ ਵੱਲੋਂ ਖ਼ਾਲਸਾ ਕਾਲਜ ਵਿੱਚ ਚੱਲ ਰਹੇ 5 ਰੋਜ਼ਾ ‘ਦਸਵੇਂ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਚੌਥੇ ਦਿਨ ਮੇਜ਼ਬਾਨ ਕਾਲਜ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ’ਚ ਪੁੱਜੇ ਸਾਬਕਾ ਆਈ ਏ ਐੱਸ ਕਾਹਨ ਸਿੰਘ ਪੰਨੂ ਨੇ ‘ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ’ ਵਿਸ਼ੇ ’ਤੇ ਗੱਲਬਾਤ ਦੌਰਾਨ ਵੱਖ-ਵੱਖ ਰਾਜਾਂ, ਦੇਸ਼ਾਂ ਅਤੇ ਵਿਸ਼ਵ ਪੱਧਰ ਦੇ ਰਾਜਨੀਤਿਕ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਮੁਕਾਬਲੇ ਦੂਸਰੇ ਵਿਕਸਿਤ ਦੇਸ਼ਾਂ ਦੇ ਅਰਥਚਾਰੇ ਅਤੇ ਸਮਾਜਿਕ ਵਿਵਹਾਰ ’ਚ ਬਹੁਤ ਵੱਡੇ ਪੱਧਰ ’ਤੇ ਅੰਤਰ ਮਿਲਦਾ ਹੈ।

ਭਾਰਤੀ ਲੋਕਤੰਤਰ ਦੀ ਗੱਲ ਕਰਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਇਸ ਦਾ ਵਿਵਹਾਰਕ ਰੂਪ ਸਿਧਾਂਤ ਨਾਲੋਂ ਵੱਖਰੀ ਕਿਸਮ ਦਾ ਹੈ, ਜਿਸ ’ਚ ਆਮ ਮਨੁੱਖ ਦੀ ਰਾਜਨੀਤਿਕ ਪੱਧਰ ’ਤੇ ਕੋਈ ਉਸਾਰੂ ਭੂਮਿਕਾ ਨਹੀਂ ਹੁੰਦੀ। ਉਸ ਨੂੰ ਇਕ ਸਾਧਨ ਦੇ ਰੂਪ ’ਚ ਵਰਤਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਤੋਂ ਬਿਨਾਂ ਕਿਸੇ ਕਿਸਮ ਦੀ ਤਰੱਕੀ ਸੰਭਵ ਨਹੀਂ ਹੈ। ਵਿਕਸਿਤ ਦੇਸ਼ਾਂ ’ਚ ਸਿੱਖਿਆ ਦਾ ਪੱਧਰ ਵਿਵਹਾਰਕ ਰੂਪ ’ਚ ਮਿਲਦਾ ਹੈ, ਜਦੋਂਕਿ ਭਾਰਤੀ ਸਿੱਖਿਆ ਇਸ ਪੱਧਰ ’ਤੇ ਹੁਣ ਤਕ ਵੀ ਆਪਣੀ ਪਹੁੰਚ ਨਹੀਂ ਬਣਾ ਪਾਈ। ਉਨ੍ਹਾਂ ‘ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ’ ਵਿਸ਼ੇ ਨੂੰ ਜੀਵਨ ਜਿਉਣ ਦਾ ਮੰਤਵ ਦੱਸਿਆ। ਇਹ ਵਿਸ਼ਾ ਹੀ ਜੀਵਨ ਵਿਚਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਾ ਹੈ।

Advertisement

ਇਸ ਤੋਂ ਪਹਿਲਾਂ ’ਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਸੁਰਿੰਦਰ ਕੌਰ ਨੇ ਸਵਾਗਤੀ ਸ਼ਬਦਾਂ ਨਾਲ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਸ੍ਰੀ ਪੰਨੂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬੇਬਾਕ ਸ਼ਖ਼ਸੀਅਤ ਦਾ ਮਾਲਕ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਗਿਆਨ ਦਾ ਯੁੱਗ ਹੈ। ਗਿਆਨ ਸੰਵਾਦ ਨਾਲ ਹੀ ਅੱਗੇ ਵੱਧਦਾ ਹੈ। ਸੰਵਾਦ ਦੀ ਲੋੜ ’ਤੇ ਮਹੱਤਤਾ ਨੂੰ ਦੱਸਦਿਆਂ ਉਨ੍ਹਾਂ ਸੈਮੀਨਾਰ ਦੀ ਵਿਸ਼ੇਸ਼ਤਾ ਦੇ ਪ੍ਰਮੁੱਖ ਪਹਿਲੂਆਂ ਨੂੰ ਪੇਸ਼ ਕੀਤਾ। ਡਾ. ਸੁਰਿੰਦਰ ਕੌਰ ਨੇ ਅੱਜ ਦੇ ਦਿਨ ਨੂੰ ਵਡਭਾਗਾ ਦੱਸਦਿਆਂ ਸ੍ਰੀ ਪੰਨੂ ਦੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਦੀ ਜਾਣਕਾਰੀ ਸਾਂਝੀ ਕੀਤੀ।

Advertisement

ਸੈਮੀਨਾਰ ਦੇ ਦੂਜੇ ਸੈਸ਼ਨ ’ਚ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ। ਪਹਿਲੇ ਸੈਸ਼ਨ ਦਾ ਵਿਸ਼ਾ ‘ਅਜੋਕੇ ਯੁੱਗ ’ਚ ਭਾਸ਼ਾ ਅਤੇ ਸਾਹਿਤ: ਚੁਣੌਤੀਆਂ ਤੇ ਸੰਭਾਵਨਾਵਾਂ’ ਰਿਹਾ। ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਆਏ ਵਿਦਵਾਨਾਂ ਵਿਚੋਂ ਪ੍ਰੋਫੈਸਰ ਤੇ ਸਾਬਕਾ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਹਰਿਭਜਨ ਸਿੰਘ ਭਾਟੀਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਤੇ ਮੁਖੀ, ਡਾ. ਮਨਜਿੰਦਰ ਸਿੰਘ, ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਤੋਂ ਡਾ. ਕੰਵਲਜੀਤ ਸਿੰਘ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਤੋਂ ਡਾ. ਅਮਰਜੀਤ ਸਿੰਘ ਨੇ ਸੈਸ਼ਨ ਵਿੱਚ ਖੋਜ-ਪੱਤਰ ਪੜ੍ਹੇ।

ਭਾਸ਼ਾ ਵਿਭਾਗ ਪੰਜਾਬ ਵੱਲੋਂ ਸੈਮੀਨਾਰ ਦੇ ਦੂਜੇ ਸੈਸ਼ਨ ਵਿੱਚ ‘ਅਜੋਕੇ ਯੁੱਗ ਵਿਚ ਭਾਸ਼ਾ ਅਤੇ ਸਾਹਿਤ ਚੁਣੌਤੀਆਂ ਤੇ ਸੰਭਾਵਨਾਵਾਂ ਵਿਸ਼ੇ ’ਤੇ ਚਰਚਾ ਕੀਤੀ ਗਈ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਹਰਿਭਜਨ ਸਿੰਘ ਭਾਟੀਆ ਨੇ ਕੀਤੀ। ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਭਾਸ਼ਾ ਸਾਡੀ ਹੋਂਦ ਦਾ ਆਧਾਰ ਹੈ। ਮਨੁੱਖ ਨੂੰ ਮਨੁੱਖ ਬਣਾਉਣ ਦਾ ਆਧਾਰ ਭਾਸ਼ਾ ਬਣਦੀ ਹੈ। ਭਾਸ਼ਾ ਦੀ ਹੋਂਦ ਮਨੁੱਖ ਦੀ ਹੋਂਦ ’ਤੇ ਨਿਰਭਰ ਕਰਦੀ ਹੈ। ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਮੁਖੀ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਕਰੋਨਾ ਵਰਗੀਆਂ ਮਹਾਮਾਰੀਆਂ ਨੇ ਪੜ੍ਹਨ-ਪੜ੍ਹਾਉਣ ਦੀ ਰੁਚੀ ਨੂੰ ਢਾਹ ਲਾਈ ਹੈ।

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਭਾਸ਼ਾ ਦੀ ਵਿਸ਼ਵ ਪੱਧਰ ’ਤੇ ਚੁਣੌਤੀ ਬਣ ਗਈ। ਸਾਹਿਤ ਦਾ ਰਿਸ਼ਤਾ ਕਾਗਜ਼ ਤੇ ਕਲਮ ਦਾ ਹੈ। ਕਾਗਜ਼ ’ਤੇ ਕਲਮ ਦੇ ਚੱਲਣ ਨਾਲ ਸਾਹਿਤ ਅਤੇ ਸਿਰਜਣਾ ਦਾ ਪ੍ਰਗਟਾ ਹੁੰਦਾ ਹੈ। ਭਾਸ਼ਾ ਪ੍ਰਤੀ ਚੇਤਨਤਾ ਹੀ ਇਸਦੇ ਬਚਾਅ ਦਾ ਹੱਲ ਹੈ। ਇਸ ਸਮਾਗਮ ਤੋਂ ਬਾਅਦ ਡਾ. ਬਲਜੀਤ ਸਿੰਘ ਢਿੱਲੋਂ ਦੀ ਪੁਸਤਕ ਯੱਖ ਰਾਤ ਦੀ ਮੌਤ, ਅਸ਼ੋਕ ਕੁਮਾਰ ਓ.ਪੀ ਮਨੋਚਾ ਦੀ ਅਨੁਵਾਦਤ ਪੁਸਤਕ ਸਾਈਬਰ ਐਨਕਾਊਂਟਰ ਰਿਲੀਜ਼ ਕੀਤੀਆਂ ਗਈਆ।

ਦੁਪਹਿਰ ਬਾਅਦ ਪੈਨਲ ਚਰਚਾ ਵਿਚ ਮਸਲੇ ਪੰਜਾਬ ਦੇ ਵਿਸ਼ੇ ਅਧੀਨ ਪ੍ਰਸਿੱਧ ਚਿੰਤਕ ਨਕਸ਼ਦੀਪ ਪੰਜਕੋਹਾ, ਰਵਿੰਦਰ ਸਹਿਰਾਅ, ਪ੍ਰਿੰ. ਸਰਵਣ ਸਿੰਘ ਨੇ ਪੰਜਾਬ ਦੇ ਭਖਦੇ ਮਸਲਿਆਂ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਪਰਵਾਸ ਦੀਆਂ ਚੁਣੌਤੀਆਂ ਤੇ ਮਸਲਿਆਂ ਨੂੰ ਸਰੋਤਿਆਂ ਨਾਲ ਸਾਂਝਿਆਂ ਕੀਤਾ। ਨਵਲਪ੍ਰੀਤ ਰੰਗੀ ਨੇ ਸੂਤਰਧਾਰ ਵਜੋਂ ਭੂਮਿਕਾ ਨਿਭਾਉਂਦਿਆਂ ਯੁਵਾ ਪ੍ਰਵਾਸ , ਨਾਰੀ ਪ੍ਰਵਾਸ ਅਤੇ ਬਜੁਰਗ ਪ੍ਰਵਾਸ ਨਾਲ ਜੁੜੇ ਮਸਲਿਆਂ ਨੂੰ ਕੇਂਦਰ ਵਿਚ ਰੱਖ ਕੇ ਗਹਿਨ-ਗੰਭੀਰ ਵਿਚਾਰ ਚਰਚਾ ਕੀਤੀ।

ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਆਯੋਜਿਤ ’ਪੰਜਾਬ ਦੀ ਸਿਆਸਤ ਦਾ ਇਤਿਹਾਸਕ ਪਰਿਪੇਖ ਵਿਸ਼ੇ’ ਅਧੀਨ ਪੈਨਲ ਚਰਚਾ ਕਰਵਾਈ ਗਈ, ਜਿਸ ਵਿਚ ਵਿਸ਼ਾ ਮਾਹਿਰ ਵਜੋਂ ਖਾਲਸਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤਕ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਡਾ. ਜਗਰੂਪ ਸਿੰਘ ਸੇਖੋਂ ਨੇ ਸਬੰਧਿਤ ਵਿਸ਼ੇ ’ਤੇ ਵਿਚਾਰ ਚਰਚਾ ਕੀਤੀ।

Advertisement
×