ਪ੍ਰਕਾਸ਼ ਪੁਰਬ: ਨਗਰ ਕੀਰਤਨ ਦਾ ਭਰਵਾਂ ਸਵਾਗਤ
ਚੀਫ ਖ਼ਾਲਸਾ ਦੀਵਾਨ ਵੱਲੋਂ ਪੰਜ ਪਿਆਰਿਆਂ ਦਾ ਸਨਮਾਨ; ਫੁੱਲਾਂ ਦੀ ਵਰਖਾ ਕੀਤੀ
ਇੱਥੇ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਭਗਤਾਂਵਾਲਾ ਪੁੱਜਣ ’ਤੇ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅਤੇ ਪੰਜ ਪਿਆਰਿਆਂ ਦੀ ਛੱਤਰ-ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦਾ ਸਕੂਲ ਦੀ ਬੈਂਡ ਟੀਮ ਨੇ ਬੈਂਡ ਦੀਆਂ ਧੁਨਾਂ ਨਾਲ ਸਵਾਗਤ ਕੀਤਾ ਅਤੇ ਸਕੂਲ ਦੀ ਕੀਰਤਨ ਟੀਮ ਵੱਲੋਂ ਗੁਰੂ ਰਾਮਦਾਸ ਦੀ ਉਸਤਤ ਵਿਚ ਸ਼ਬਦ ਕੀਰਤਨ ਗਾਇਨ ਕੀਤੇ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ ਹੇਠ ਸਵਾਗਤ ਸਮੇਂ ਪੰਜ ਪਿਆਰਿਆਂ ਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਅਤੇ ਸਕੂਲ ਸਟਾਫ ਵੱਲੋਂ ਪਾਲਕੀ ਸਾਹਿਬ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੀਵਾਨ ਪ੍ਰਬੰਧਕਾਂ ਅਤੇ ਚੀਫ਼ ਖ਼ਾਲਸਾ ਦੀਵਾਨ ਮੈਂਬਰਾਂ ਨੇ ਨਗਰ ਕੀਰਤਨ ਵਿਚ ਸ਼ਾਮਲ ਨਿਹੰਗ ਜਥੇਬੰਦੀਆਂ, ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ-ਨਾਲ ਸੇਵਾ ਕਰਨ ਵਾਲੀ ਸੰਗਤ ਨੂੰ ਵੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਚੀਫ਼ ਖ਼ਾਲਸਾ ਦੀਵਾਨ ਵੱਲੋਂ ਲੰਗਰ, ਪ੍ਰਸ਼ਾਦ ਅਤੇ ਚਾਹ-ਪਾਣੀ ਦੀ ਸੇਵਾ ਕੀਤੀ ਗਈ। ਇਸ ਮੌਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਰਮਣੀਕ ਸਿੰਘ, ਐਡੀ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਹਰਵਿੰਦਰ ਪਾਲ ਸਿੰਘ ਚੁੱਘ, ਸਕੂਲ ਮੈਂਬਰ ਇੰਚਾਰਜ ਸਰਬਜੋਤ ਸਿੰਘ, ਜਤਿੰਦਰਬੀਰ ਸਿੰਘ ਬਹਿਲ, ਰਾਬਿੰਦਰਬੀਰ ਸਿੰਘ ਭੱਲਾ ਅਤੇ ਪ੍ਰਿੰਸੀਪਲ ਜਸਪਾਲ ਕੌਰ ਹਾਜ਼ਰ ਸਨ।