ਇਸ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਸਾਰੀ ਰਾਤ ਤੋਂ ਲੈ ਕੇ ਅੱਜ ਸ਼ਾਮ ਤੱਕ ਬਿਜਲੀ ਸਪਲਾਈ ਗੁੱਲ ਰਹੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਦੀ ਸਮੱਸਿਆ ਵੀ ਬਣੀ ਰਹੀ।ਜਾਣਕਾਰੀ ਅਨੁਸਾਰ ਸਿਟੀ-2 ਫੀਡਰ ਤਹਿਤ 12 ਖੇਤਰਾਂ ਡਲਹੌਜ਼ੀ ਰੋਡ, ਮਿਸ਼ਨ ਰੋਡ, ਕਾਜ਼ੀਪੁਰ ਮੁਹੱਲਾ, ਘਰਥੋਲੀ ਮੁਹੱਲਾ, ਈਸਾ ਨਗਰ, ਸਵਿਮਿੰਗ ਪੂਲ ਲਾਮੀਨੀ ਖੇਤਰ, ਮੇਨ ਬਾਜ਼ਾਰ, ਸ਼ਿਮਲਾ ਪਹਾੜੀ ਖੇਤਰ, ਖੱਤਰੀ ਸਭਾ ਖੇਤਰ, ਪੁਰਾਣਾ ਸ਼ਾਹਪੁਰ ਰੋਡ, ਵਿਸ਼ਵ ਕਰਮਾ ਨਗਰ ਲਾਮੀਨੀ ਅਤੇ 2 ਗਲੀਆਂ ਸ਼ਾਂਤ ਵਿਹਾਰ ਵਿੱਚ ਲੰਘੀ ਸ਼ਾਮ 4 ਵਜੇ ਬਿਜਲੀ ਚਲੀ ਗਈ ਸੀ। ਹਾਲਾਂ ਕਿ ਪਾਵਰਕੌਮ ਨੂੰ ਇਸ ਨੁਕਸ ਨੂੰ ਲੱਭਣ ਵਿੱਚ 14 ਘੰਟਿਆਂ ਤੋਂ ਵੱਧ ਸਮਾਂ ਲੱਗਿਆ। ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ, ਮਿਸ਼ਨ ਰੋਡ ’ਤੇ 11 ਕੇਵੀ ਪਿੰਨ ਆਈਸੋਲੇਟਰ ਵਿੱਚ ਇੱਕ ਪੰਕਚਰ ਡਿਸਕ ਦਾ ਨੁਕਸ ਪਾਇਆ ਗਿਆ ਜਿਸ ਦੀ ਮੁਰੰਮਤ ਕਰਨ ਤੋਂ ਬਾਅਦ, 70 ਪ੍ਰਤੀਸ਼ਤ ਖੇਤਰ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ, ਜਦ ਕਿ 30 ਪ੍ਰਤੀਸ਼ਤ ਖੇਤਰ ਵਿੱਚ ਨੁਕਸ ਲੱਭਣ ਲਈ ਬਿਜਲੀ ਕਰਮਚਾਰੀ ਅਜੇ ਵੀ ਭਾਲ ਕਰ ਰਹੇ ਸਨ। ਇਸ ਤਰ੍ਹਾਂ ਮਿਸ਼ਨ ਰੋਡ, ਈਸਾ ਨਗਰ ਅਤੇ ਇੰਪਰੂਵਮੈਂਟ ਟਰੱਸਟ ਡਲਹੌਜ਼ੀ ਰੋਡ ਦੇ ਕੁਝ ਖੇਤਰਾਂ ਵਿੱਚ ਬਿਜਲੀ ਸਪਲਾਈ 17 ਘੰਟੇ ਬਾਅਦ ਵੀ ਸ਼ਾਮ 5 ਵਜੇ ਤੱਕ ਬਹਾਲ ਨਹੀਂ ਹੋ ਸਕੀ।