ਅਮਨ ਅਰੋੜਾ ਨੂੰ ਸਵਾਲ ਪੁੱਛਣ ਪੁੱਜੇ ਕਿਸਾਨਾਂ ਨੂੰ ਪੁਲੀਸ ਨੇ ਰੋਕਿਆ
ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਸ਼ੰਭੂ ਖਨੌਰੀ ਮੋਰਚਾ ਉਠਾਏ ਜਾਣ ’ਤੇ ਪਿੰਡਾਂ ਵਿੱਚ ਆਉਣ ’ਤੇ ‘ਆਪ’ ਆਗੂਆਂ ਨੂੰ ਸਵਾਲ ਪੁੱਛੇ ਜਾਣ ਦੇ ਜਾਰੀ ਪ੍ਰੋਗਰਾਮਾਂ ਤਹਿਤ ਅੱਜ ਹਲਕਾ ਮਜੀਠਾ ਦੇ ਕਸਬਾ ਕੱਥੂਨੰਗਲ ਵਿੱਚ ਕਸ਼ਮੀਰ ਰਿਜ਼ੋਰਟ ਵਿੱਚ ਆਮ ਆਦਮੀ ਪਾਰਟੀ ਵੱਲੋਂ ਰੈਲੀ ਕੀਤੀ ਗਈ। ਇਸ ਦੌਰਾਨ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਸ਼ੰਭੂ ਖਨੌਰੀ ਮੋਰਚੇ ਸਬੰਧੀ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ, ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਖ਼ਾਸ ਕਰਕੇ ਲੈਂਡ ਪੂਲਿੰਗ ਨੀਤੀ ਸਬੰਧੀ ਸਵਾਲ ਪੁੱਛਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਰੈਲੀ ਵਾਲੀ ਥਾਂ ’ਤੇ ਪਹੁੰਚੇ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਸੜਕ ਦੇ ਕਿਨਾਰੇ ਬੈਠੇ ਸਨ ਪਰ ‘ਆਪ’ ਦੇ ਸੂਬਾ ਪ੍ਰਧਾਨ ਰਸਤਾ ਬਦਲ ਕੇ ਅਤੇ ਆਵਾਜਾਈ ਨਿਯਮਾਂ ਨੂੰ ਤੋੜਦਿਆਂ ਗਲਤ ਸਾਈਡ ਤੋਂ ਆ ਕੇ ਪੈਲੇਸ ਅੰਦਰ ਜਾ ਵੜੇ। ਇਸ ਤੋਂ ਬਾਅਦ ਪ੍ਰਸ਼ਾਸਨ ਨਾਲ ਕਸ਼ਮਕਸ਼ ਤੋਂ ਬਾਅਦ ਪ੍ਰਦਰਸ਼ਨਕਾਰੀ ਪੈਲੇਸ ਦੇ ਗੇਟ ਅੱਗੇ ਪਹੁੰਚੇ। ਦੂਜੇ ਪਾਸੇ ਪ੍ਰੋਗਰਾਮ ਖਤਮ ਹੋਣ ’ਤੇ ਸੂਬਾ ਪ੍ਰਧਾਨ ਅਮਨ ਅਰੋੜਾ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਲਈ ਉਡੀਕ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਮਿਲੇ ਬਿਨਾਂ ਕਾਫਲੇ ਸਮੇਤ ਉੱਥੋਂ ਨਿਕਲ ਗਏ। ਕਿਸਾਨ ਆਗੂਆਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਵਿੱਚ ਜੇ ਕਿਸੇ ਵੀ ਤਰ੍ਹਾਂ ਦੇ ਲੋਕ ਪੱਖੀ ਵਿਕਾਸ ਦੀ ਗੂੰਜਾਇਸ਼ ਹੁੰਦੀ ਤਾਂ ਅੱਜ ‘ਆਪ’ ਪ੍ਰਧਾਨ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਦੇ ਕੇ ਜਾਂਦੇ। ਉਨ੍ਹਾਂ ਕਿਹਾ ਅਮਨ ਅਰੋੜਾ ਅਤੇ ਸਾਰੇ ‘ਆਪ’ ਲੀਡਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਲੋਕ ਇਸ ਮਾਰੂ ਨੀਤੀ ਬਾਰੇ ਸਭ ਕੁਝ ਸਮਝ ਚੁੱਕੇ ਹਨ, ਇਹ ਨੀਤੀ ਵਾਪਿਸ ਲੈਣ ਦੇ ਇਲਾਵਾ ਕੋਈ ਰਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚੇ ’ਤੇ ਚੋਰੀ ਕੀਤੇ ਸਾਮਾਨ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਅਤੇ ਹੋਰ ਮਸਲਿਆਂ ਸਬੰਧੀ ਸਵਾਲਾਂ ਤੋਂ ਭੱਜਣ ਨਾਲ ਬਚਾਅ ਨਹੀਂ ਹੋਣ ਵਾਲਾ ਬਲਕਿ ਸਰਕਾਰ ਦੇ ਲੀਡਰਾਂ ਦਾ ਪਿੱਛਾ ਇਹ ਸਵਾਲ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਮਸਲੇ ਹੱਲ ਨਹੀਂ ਕਰਦੀ ਤਾਂ ਆਉਂਦੇ ਦਿਨਾਂ ’ਚ ਹੋਰ ਵੀ ਵੱਡੇ ਪੱਧਰ ’ਤੇ ਰੋਸ ਪ੍ਰਦਰਸਨ ਕਰਨ ਦੀ ਤਿਆਰੀ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਮੌਕੇ ਕੰਧਾਰ ਸਿੰਘ ਭੋਏਵਾਲ, ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਕਲੇਰ ਬਾਲਾ, ਸਰਦੂਲ ਸਿੰਘ ਟਾਹਲੀ ਸਾਹਿਬ, ਲਵਪ੍ਰੀਤ ਸਿੰਘ ਬੱਗਾ, ਕਾਬਲ ਸਿੰਘ ਵਰਿਆਮ ਨੰਗਲ, ਜੰਗ ਸਿੰਘ ਅਲਕੜੇ, ਲਖਬੀਰ ਸਿੰਘ ਕੱਥੂਨੰਗਲ, ਲਵਿੰਦਰ ਸਿੰਘ ਰੂਪੋਵਾਲੀ, ਸਵਰਨ ਸਿੰਘ ਕੋਟਲਾ, ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰ ਮਾਂਗਟ ਅਤੇ ਹੋਰ ਕਿਸਾਨ ਮਜ਼ਦੂਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ