ਆਬਕਾਰੀ ਵਿਭਾਗ ਵੱਲੋਂ ਬਰਾਮਦ ਲਾਹਣ ਪੁਲੀਸ ਨੇ ‘ਘਟਾਈ’
ਗੁਰਬਖਸ਼ਪੁਰੀ
ਤਰਨ ਤਾਰਨ, 5 ਜੁਲਾਈ
ਆਬਕਾਰੀ ਵਿਭਾਗ ਦੀ ਟੀਮ ਨੇ ਇਲਾਕੇ ਦੇ ਪਿੰਡ ਖੈਰਦੀਨਕੇ ਵਿੱਚ ਸ਼ੁੱਕਰਵਾਰ ਨੂੰ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਵਾਸੀ ਬਲਜਿੰਦਰ ਸਿੰਘ ਦੇ ਘਰੋਂ ਬਰਾਮਦ ਕੀਤੀ ਲਾਹਣ ਦੀ ਮਾਤਰਾ ਬਾਰੇ ਆਬਕਾਰੀ ਵਿਭਾਗ ਅਤੇ ਪੁਲੀਸ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾ ਰਹੇ| ਬਲਜਿੰਦਰ ਸਿੰਘ ਨੂੰ ਆਬਕਾਰੀ ਵਿਭਾਗ ਦੀ ਪੁਲੀਸ ਨੇ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ| ਬਰਾਮਦ ਕੀਤੀ ਲਾਹਣ ਦੀ ਮਾਤਰਾ ਦਾ ਵਿਭਾਗਾਂ ਦਰਮਿਆਨ ਤਾਲਮੇਲ ਨਾ ਹੋਣ ਕਰ ਕੇ ਦੋ ਸਰਕਾਰੀ ਅਦਾਰਿਆਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ| ਇਸ ਲਾਹਣ ਦੀ ਬਰਾਮਦਗੀ ਬਾਰੇ ਕਰ ਤੇ ਆਬਕਾਰੀ ਅਧਿਕਾਰੀ (ਈਟੀਓ) ਇੰਦਰਜੀਤ ਸਿੰਘ ਸਹਿਜਰਾ ਨੇ ਬਲਜਿੰਦਰ ਸਿੰਘ ਦੇ ਘਰੋਂ 2600 ਲਿਟਰ ਲਾਹਣ ਬਰਾਮਦ ਹੋਣ ਬਾਰੇ ਦੱਸਿਆ ਸੀ| ਵਿਭਾਗ ਨੇ ਇਸ ਸਬੰਧੀ ਅਗਲੇਰੀ ਕਾਰਵਾਈ ਕਰਨ ਲਈ ਸਬੰਧਤ ਥਾਣਾ ਝਬਾਲ ਦੀ ਪੁਲੀਸ ਨੂੰ ਬਰਾਮਦ ਲਾਹਣ ਤੇ ਮੁਲਜ਼ਮ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ| ਪੁਲੀਸ ਨੇ ਕੇਸ ਦਰਜ ਕਰਦਿਆਂ ਬਰਾਮਦ ਲਾਹਣ ਦੀ ਮਾਤਰਾ 2200 ਲਿਟਰ ਦਰਸਾਈ ਹੈ|
ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਪੁਲੀਸ ਨੂੰ ਆਬਕਾਰੀ ਵਿਭਾਗ ਵੱਲੋਂ ਭੇਜੇ ਦੋ ਡਰੰਮ ਖਾਲੀ ਮਿਲੇ ਹਨ। ਇਸ ਕਰ ਕੇ ਆਬਕਾਰੀ ਵਿਭਾਗ ਵਲੋਂ ਭੇਜੀ ਲਾਹਣ ਦੀ ਮਾਤਰਾ 2200 ਲਿਟਰ ਬਣਦੀ ਹੈ|
ਇਸ ਦੇ ਨਾਲ ਹੀ ਕਰ ਤੇ ਆਬਕਾਰੀ ਅਧਿਕਾਰੀ ਇੰਦਰਜੀਤ ਸਿੰਘ ਸਾਹਿਜਰਾ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੁਲੀਸ ਨੂੰ 2600 ਲਿਟਰ ਲਾਹਣ ਹੀ ਭੇਜੀ ਗਈ ਹੈ|