ਪੁਲੀਸ ਨੇ 153 ਮੋਬਾਈਲ ਲੱਭ ਕੇ ਮਾਲਕਾਂ ਨੂੰ ਸੌਂਪੇ
ਪੰਜਾਬ ਸਣੇ ਯੂਪੀ ,ਹਰਿਆਣਾ, ਰਾਜਸਥਾਨ, ਦਿੱਲੀ ਤੋਂ ਬਰਾਮਦ ਕੀਤੇ ਗਏ ਫੋਨ
ਅੰਮ੍ਰਿਤਸਰ ਕਮਿਸ਼ਟਰੇਟ ਦੀ ਪੁਲੀਸ ਨੇ ਲੋਕਾਂ ਦੇ ਗੁੰਮ ਹੋਏ 153 ਮੋਬਾਈਲ ਫੋਨ ਪੰਜਾਬ ਸਣੇ ਯੂਪੀ ,ਹਰਿਆਣਾ, ਰਾਜਸਥਾਨ, ਦਿੱਲੀ ਆਦਿ ਤੋਂ ਟਰੇਸ ਕੀਤਾ ਤੇ ਲੱਭ ਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ ਹੈ। ਇਸ ਤੋਂ ਇਲਾਵਾ ਚੋਰੀ ਕੀਤੇ ਹੋਏ 117 ਵਾਹਨ ਵੀ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਦੇ ਥਾਣਾ ਸਾਈਬਰ ਅਤੇ ਸਬ ਡਿਵੀਜ਼ਨ ਈਸਟ, ਵੈਸਟ ਨੌਰਥ ਅਤੇ ਸੈਂਟਰਲ ਦੇ ਖੇਤਰ ਵਿੱਚ ਲੋਕਾਂ ਦੇ ਗੁਆਚੇ ਹੋਏ 153 ਮੋਬਾਈਲ ਫੋਨ ਟਰੇਸ ਕੀਤੇ ਗਏ ਹਨ। ਇਹ ਮੋਬਾਈਲ ਫੋਨ ਯੂਪੀ, ਹਰਿਆਣਾ, ਰਾਜਸਥਾਨ ,ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚੋਂ ਮਿਲੇ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨ ਮਗਰੋਂ ਅੱਜ ਅਸਲ ਮਾਲਕਾਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੇਸ ਕੀਤੇ ਇਹ ਮੋਬਾਈਲ ਫੋਨਾਂ ਵਿੱਚ ਸਬ-ਡਿਵੀਜ਼ਨ ਈਸਟ ਦੇ 50 ਮੋਬਾਈਲ ਫੋਨ, ਸਬ-ਡਿਵੀਜ਼ਨ ਵੈਸਟ ਦੇ 33, ਨੌਰਥ ਦੇ ਦੋ ਅਤੇ ਸਬ-ਡਿਵੀਜ਼ਨ ਸੈਂਟਰਲ ਦੇ 41 ਮੋਬਾਈਲ ਫੋਨ ਸ਼ਾਮਿਲ ਹਨ। ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਥਾਣੇ ਨੇ 27 ਮੋਬਾਈਲ ਫੋਨ ਸ਼ਾਮਿਲ ਹਨ। ਇਹ ਕੁੱਲ 153 ਮੋਬਾਈਲ ਫੋਨ ਹਨ, ਜੋ ਵੱਖ-ਵੱਖ ਥਾਵਾਂ ਤੋਂ ਟਰੇਸ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ੋਨਾਂ ਦੇ ਸਾਂਝ ਕੇਂਦਰਾਂ ਅਤੇ ਸਾਈਬਰ ਕ੍ਰਾਈਮ ਥਾਣੇ ਕੋਲ ਲੋਕਾਂ ਨੇ ਆਪਣੇ ਗੁੰਮ ਹੋਏ ਮੋਬਾਈਲ ਫੋਨਾਂ ਬਾਰੇ ਰਿਪੋਰਟਾਂ ਦਰਜ ਕਰਵਾਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤਕਨੀਕੀ ਢੰਗ ਨਾਲ ਕਾਰਵਾਈ ਕਰਦੇ ਹੋਏ ਇਹ 153 ਮੋਬਾਈਲ ਫੋਨ ਵੱਖ ਵੱਖ ਸੂਬਿਆਂ ਤੋਂ ਟਰੇਸ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਕਿਸੇ ਦਾ ਮੋਬਾਇਲ ਫੋਨ ਗੁੰਮ ਹੋਵੇ ਤਾਂ ਉਹ ਤੁਰੰਤ ਨੇੜਲੇ ਥਾਣੇ ਜਾਂ ਸਾਂਝ ਕੇਂਦਰ ਵਿੱਚ ਇਸ ਦੀ ਗੁਮਸ਼ੁਦਗੀ ਸਬੰਧੀ ਰਿਪੋਰਟ ਦਰਜ ਕਰਵਾਏ। ਇਸ ਮਗਰੋਂ ਕੇਂਦਰ ਦਾ ਸੰਚਾਰ ਮੰਤਰਾਲਾ ਜਿਸ ਤਹਿਤ ਸੈਂਟਰਲ ਇੱਕਵਿਪਮੈਂਟ ਆਡੈਂਟਿਟੀ ਰਜਿਸਟਰ ਇਕ ਸੈਂਟਰਲਾਈਜ ਪੋਰਟਲ ਹੈ, ਜੋ ਗੁਆਚੇ ਮੋਬਾਈਲ ਫੋਨਾਂ ਨੂੰ ਟਰੇਸ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਆਚੇ ਹੋਏ ਮੋਬਾਈਲ ਫੋਨ ਦੀ ਰਿਪੋਰਟ ਜ਼ਰੂਰ ਦਰਜ ਕਰਵਾਈ ਜਾਵੇ ਤਾਂ ਜੋ ਮੋਬਾਈਲ ਫੋਨ ਦੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਦੀ ਗਲਤ ਵਰਤੋਂ ਨਾ ਕੀਤੀ ਜਾ ਸਕੇ।
ਚੋਰੀ ਕੀਤੇ ਹੋਏ 117 ਵਾਹਨ ਵੀ ਬਰਾਮਦ
ਕਮਿਸ਼ਨਰੇਟ ਪੁਲੀਸ ਵੱਲੋਂ ਵਾਹਨ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕਸਦੇ ਹੋਏ ਵਾਹਨ ਚੋਰੀ ਦੇ ਵੱਖ-ਵੱਖ ਦਰਜ ਮਾਮਲਿਆਂ ਵਿੱਚ ਦੋ ਲਗਜ਼ਰੀ ਕਾਰਾਂ ਤੋਂ ਇਲਾਵਾ 92 ਮੋਟਰਸਾਈਕਲ ਤੇ 23 ਸਕੂਟਰ ਬਰਾਮਦ ਕੀਤੇ ਹਨ। ਇੰਜ ਚੋਰੀ ਕੀਤੇ ਹੋਏ ਕੁੱਲ 117 ਵਾਹਨ ਬਰਾਮਦ ਕੀਤੇ ਗਏ ਹਨ।