ਪਿੰਡ ਵਡਾਲਾ ਜੌਹਲ ਸਥਿਤ ਅਨਾਜ ਦੇ ਗੁਦਾਮਾਂ ’ਚੋਂ ਸੁਸਰੀ ਨੇੜਲੇ ਪਿੰਡਾਂ ਦੇ ਘਰਾਂ ਵਿੱਚ ਆਉਣ ਤੋਂ ਸਤਾਏ ਲੋਕਾਂ ਨੇ ਗੁਦਾਮਾਂ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਮੌਕੇ ਪਿੰਡ ਵਡਾਲਾ ਜੌਹਲ, ਤੀਰਥਪੁਰ, ਦੇਵੀਦਾਸ ਪੁਰਾ, ਮਲਕਪੁਰ ਤੇ ਬੰਮਾਂ ਆਦਿ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਨਾਂ ਵਿੱਚ ਰੂੰ ਪਾ ਕੇ ਸੌਣਾ ਪੈਂਦਾ ਹੈ। ਕੁਝ ਲੋਕਾਂ ਨੇ ਕਿਹਾ ਉਨ੍ਹਾਂ ਦੇ ਪਿੰਡਾਂ ਵਿੱਚ ਕੋਈ ਪ੍ਰਾਹੁਣਾ ਵੀ ਨਹੀਂ ਆਉਂਦਾ ਜੇਕਰ ਕੋਈ ਆਉਂਦਾ ਵੀ ਹੈ ਤਾਂ ਉਹ ਰਾਤ ਪੈਣ ਤੋਂ ਪਹਿਲਾਂ ਚਲਾ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਘਰਾਂ ਵਿੱਚ ਸ਼ਾਮ ਨੂੰ ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਹ ਸੁਸਰੀ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਇਨ੍ਹਾਂ ਗੁਦਾਮਾਂ ਦੇ ਅਧਿਕਾਰੀ ਪਿੰਡ ਵਾਸੀਆਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ।ਗੁਦਾਮਾਂ ਦੇ ਮੈਨੇਜਰ ਗੁਰਸ਼ਬਦ ਸਿੰਘ ਤੇ ਹੋਰ ਅਧਿਕਾਰੀਆਂ ਨੇ ਕਿਹਾ ਕਿ ਇਸ ਮਸਲੇ ਦੇ ਸਬੰਧ ਵਿੱਚ ਉਨ੍ਹਾਂ ਦੀ ਗੱਲ ਪਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਨਾਲ ਹੋ ਗਈ ਤੇ ਉਹ ਕੱਲ੍ਹ ਬਾਰਾਂ ਵਜੇ ਪਿੰਡ ਦੇ ਲੋਕਾਂ ਨੂੰ ਮਿਲਣਗੇ ਤੇ ਸੁਸਰੀ ਦਾ ਵੀ ਕੋਈ ਪੱਕਾ ਹੱਲ ਕਰਨ ਲਈ ਵਚਨਬੱਧ ਹਨ। ਇਸ ਉਪਰੰਤ ਜਦੋਂ ਇਸ ਗੰਭੀਰ ਮਸਲੇ ਦੇ ਸਬੰਧ ਵਿੱਚ ਸਾਬਕਾ ਸਰਪੰਚ ਦਿਲਬਾਗ ਸਿੰਘ, ਮੈਂਬਰ ਪੰਚਾਇਤ ਸਵਿੰਦਰ ਸਿੰਘ ਸੇਠ ਤੇ ਹੋਰ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ ਕੱਲ੍ਹ ਬਾਰਾਂ ਇੱਕ ਵਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਤਾਂ ਉਹ ਸਾਰੇ ਪਿੰਡ ਤੇ ਇਲਾਵਾ ਵਾਸੀਆਂ ਨੂੰ ਨਾਲ ਲੈਕੇ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ ਤੇ ਗੁਦਾਮਾਂ ਨੂੰ ਤਾਲੇ ਲਗਾ ਦੇਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਗੁਦਾਮ ਦੇ ਮੈਨੇਜਰ ਤੇ ਹੋਰ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਨੰਬਰਦਾਰ ਬਲਜੀਤ ਸਿੰਘ, ਦੀਪ ਜੌਹਲ, ਜਗਦੀਪ ਸਿੰਘ ਦੀਪਾ, ਨੰਬਰਦਾਰ ਮਨਜੀਤ ਸਿੰਘ, ਵਿਰਸਾ ਸਿੰਘ, ਮਹਾਦੇਵ ਸਿੰਘ, ਹਰਭਜਨ ਸਿੰਘ ਛੰਬਵਾਲੀਆ, ਲਾਡੀ, ਜਗਤਾਰ ਸਿੰਘ ਜੱਗਾ, ਨਿਰਮਲ ਸਿੰਘ ਵਡਾਲੀ, ਰਾਣਾ ਵਡਾਲੀ, ਯਾਦਵਿੰਦਰ ਸਿੰਘ, ਚਮਕੌਰ ਸਿੰਘ, ਦਰਸ਼ਨ ਸਿੰਘ, ਦਲੇਰ ਸਿੰਘ ਜੌਹਲ, ਜਗਮੋਹਨ ਸਿੰਘ, ਗਰਦਿੱਤਾ ਭਲਵਾਨ, ਗੁਰਵਿੰਦਰ ਸਿੰਘ ਸਾਹ, ਮਲਕੀਤ ਸਿੰਘ ਚੀਦਾ ਤੋਂ ਇਲਾਵਾ ਹੋਰ ਵੀ ਇਲਾਕਾ ਵਾਸੀ ਮੌਜੂਦ ਸਨ।