ਅੰਮ੍ਰਿਤਸਰ ’ਚ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਕਾਬੂ
ਚੌਕਾਂ ਤੇ ਹੋਰ ਜਨਤਕ ਥਾਵਾਂ ’ਤੇ ਬੱਚਿਆਂ ਤੋਂ ਭੀਖ ਮੰਗਵਾਉਣ ਖ਼ਿਲਾਫ਼ ਕੀਤੀ ਕਾਰਵਾਈ ਤਹਿਤ ਅੰਮ੍ਰਿਤਸਰ ਵਿੱਚ ਬੱਚਿਆਂ ਦੀ ਭੀਖ ਮੰਗਵਾਉਣ ਵਾਲੇ ਇੱਕ ਟੋਲੇ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਅਮਲੇ ਨੇ ਹਿਰਾਸਤ ਵਿੱਚ ਲਿਆ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਤਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਗੋਲਡਨ ਗੇਟ ਨੇੜਿਓਂ ‘ਪ੍ਰਾਜੈਕਟ ਜੀਵਨਜੋਤ’ ਤਹਿਤ ਬੱਚਿਆਂ ਤੋਂ ਭੀਖ ਮੰਗਵਾਉਂਦੇ ਇੱਕ ਵਿਅਕਤੀ ਅਤੇ ਦੋ ਔਰਤਾਂ ਨੂੰ ਚਾਰ ਬੱਚਿਆਂ ਸਣੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ। ਜਦੋਂ ਕਮੇਟੀ ਨੇ ਇੰਨ੍ਹਾਂ ਬੱਚਿਆਂ ਦੇ ਜਨਮ ਸਬੰਧੀ ਸਬੂਤ ਮੰਗੇ ਤਾਂ ਉਕਤ ਔਰਤਾਂ ਤੇ ਵਿਅਕਤੀ ਵੱਲੋਂ ਸਬੂਤ ਪੇਸ਼ ਕਰਨ ਲਈ ਭਲਕ ਤੱਕ ਦਾ ਸਮਾਂ ਲਿਆ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਤੱਕ ਇਹਨਾਂ ਨੂੰ ਆਪਣੀ ਸੁਰੱਖਿਆ ਵਿੱਚ ਰੱਖਿਆ ਹੈ ਅਤੇ ਜੇ ਇਹ ਭਲਕ ਤੱਕ ਬੱਚਿਆਂ ਦੇ ਮਾਪੇ ਹੋਣ ਸਬੰਧੀ ਕੋਈ ਠੋਸ ਸਬੂਤ ਪੇਸ਼ ਨਾ ਕਰ ਸਕੇ ਤਾਂ ਬੱਚਿਆਂ ਦਾ ਡੀਐਨਏ ਕਰਵਾ ਕੇ ਸਥਿਤੀ ਸਪਸ਼ਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੰਜਾਬ ਦੇ ਬੇਸਹਾਰਾ ਬੱਚਿਆਂ ਨੂੰ ਇੱਜ਼ਤਦਾਰ ਜੀਵਨ ਅਤੇ ਉਨ੍ਹਾਂ ਦੇ ਅਧਿਕਾਰ ਮੁਹੱਈਆ ਕਰਵਾਉਣ ’ਤੇ ਕੇਂਦਰਤ ਹੈ। ਬੱਚਿਆਂ ਤੋਂ ਭੀਖ ਮੰਗਵਾਉਣਾ ਗੁਲਾਮੀ ਦਾ ਰੂਪ ਹੈ ਅਤੇ ਇਹ ਬੱਚਿਆਂ ਦੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਪ੍ਰਸ਼ਾਸਨ ਕਿਸੇ ਨੂੰ ਵੀ ਬੱਚਿਆਂ ਦਾ ਸ਼ੋਸ਼ਣ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਇਹ ਨਿਸ਼ਚਤ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਦੀ ਤਸਕਰੀ ਅਤੇ ਜਬਰਨ ਭੀਖ ਮੰਗਵਾਉਣ ਵਾਲਿਆਂ ’ਤੇ ਨਜ਼ਰ ਰੱਖੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇ।