ਪੱਤਰ ਪ੍ਰੇਰਕ
ਤਰਨ ਤਾਰਨ, 7 ਜੁਲਾਈ
ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਸਥਿਤ ਇਲਾਕੇ ਦੇ ਪਿੰਡ ਦੋਬੁਰਜੀ ਤੋਂ ਇਤਿਹਾਸਿਕ ਨਗਰ ਰਟੌਲ ਨੂੰ ਜਾਂਦੀ ਸੜਕ ਦੀ ਅਤਿ ਮੰਦੀ ਹਾਲਤ ਪਿੰਡਾਂ ਦੇ ਵਾਸੀਆਂ ਲਈ ਡਾਢੀ ਸਮੱਸਿਆ ਬਣੀ ਹੋਈ ਹੈ| ਦੋਬੁਰਜੀ ਦੇ ਸਰਪੰਚ ਗੁਰਪ੍ਰੀਤ ਸਿੰਘ, ਮੈਂਬਰ ਪੰਚਾਇਤ ਪਰਮਜੀਤ ਸਿੰਘ ਸਮੇਤ ਮਨਜਿੰਦਰ ਸਿੰਘ, ਹਰਦੇਵ ਸਿੰਘ ਆਦਿ ਵਸਨੀਕਾਂ ਨੇ ਦੱਸਿਆ ਕਿ ਦੋਬੁਰਜੀ, ਰਟੌਲ ਤੋਂ ਇਲਾਵਾ ਬਹਿਲਾ, ਕੱਕਾ ਕੰਡਿਆਲਾ, ਵਰਪਾਲ ਆਦਿ ਪਿੰਡਾਂ ਦੇ ਲੋਕਾਂ ਵੱਲੋਂ ਇਸ ਸੜਕ ਨੂੰ ਆਪਣੇ ਕੰਮਾਂ ਧੰਦਿਆਂ ਲਈ ਆਉਣ-ਜਾਣ ਵਾਸਤੇ ਵਰਤਿਆ ਜਾਂਦਾ ਹੈ| ਪਿੰਡਾਂ ਦੇ ਪਤਵੰਤਿਆਂ ਅਤੇ ਹੋਰਨਾਂ ਲੋਕਾਂ ਕਿਹਾ ਕਿ ਬੀਤੇ 10 ਸਾਲਾਂ ਤੋਂ ਇਸ ਸੜਕ ਦੀ ਹਾਲਤ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ| ਸੱਤ ਕਿਲੋਮੀਟਰ ਲੰਬੀ ਇਹ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ| ਲੋਕਾਂ ਦੇ ਘਰਾਂ ਦੇ ਫਾਲਤੂ ਪਾਣੀ ਅਤੇ ਮੀਂਹ ਦਾ ਪਾਣੀ ਸੜਕ ਦੇ ਵਿਚਕਾਰ ਤੱਕ ਸਾਲਾਂ ਤੋਂ ਲਗਾਤਾਰ ਖੜ੍ਹਾ ਰਹਿਣ ਕਰਕੇ ਸੜਕ ਦੇ ਵਿਚਕਾਰ ਡੂੰਘੇ ਟੋਏ ਪੈ ਗਏ ਹਨ| ਇਸ ਨਾਲ ਜਿੱਥੇ ਲੋਕਾਂ ਦਾ ਜਿਥੇ ਆਉਣਾ-ਜਾਣਾ ਮੁਸ਼ਕਲ ਬਣਿਆ ਹੋਇਆ ਹੈ ਉਥੇ ਵਾਹਨਾਂ ਦੀ ਟੁੱਟ-ਭੱਜ ਵੀ ਲੋਕਾਂ ਦਾ ਨੁਕਸਾਨ ਕਰ ਰਹੀ ਹੈ| ਉਨ੍ਹਾਂ ਸੜਕ ਦੀ ਮੁਰੰਮਤ ਵੱਲ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਧਿਆਨ ਨਾ ਦੇਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੜਕ ਨੂੰ ਬਿਨਾਂ ਦੇਰੀ ਦੇ ਠੀਕ ਕੀਤੇ ਜਾਣ ਦੀ ਮੰਗ ਕੀਤੀ ਹੈ|
ਸੰਪਰਕ ਕਰਨ ’ਤੇ ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸੜਕ ਨੂੰ ਬਣਾਉਣ ਦੀਆਂ ਮੁੱਢਲੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਬਾਰਿਸ਼ਾਂ ਦੇ ਖਤਮ ਹੋਣ ’ਤੇ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ| ਰਟੌਲ ਪਿੰਡ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਮੁਕਤਸਰ ਦੇ ਮੈਦਾਨ ਵਿੱਚ ਸ਼ਹੀਦ ਹੋਏ 40 ਮੁਕਤਿਆਂ ਵਿੱਚੋਂ ਇਕ ਭਾਈ ਮਹਾਂ ਸਿੰਘ ਦਾ ਜਨਮ ਅਸਥਾਨ ਹੋਣ ਕਰਕੇ ਵੱਡੀ ਗਿਣਤੀ ਸ਼ਰਧਾਲੂ ਇਸ ਸੜਕ ਤੋਂ ਹੀ ਰਟੌਲ ਨਗਰ ਨੂੰ ਆਉਣੇ ਜਾਂਦੇ ਰਹਿੰਦੇ ਹਨ ਜਿਸ ਕਰਕੇ ਸੜਕ ਪ੍ਰਸ਼ਾਸ਼ਨ ਦਾ ਧਿਆਨ ਆਪਣੇ ਵੱਲ ਕਰਨ ਦੀ ਉਡੀਕ ਕਰਦੀ ਹੈ|