ਨੰਗਲਭੂਰ ਤੋਂ ਮੀਰਥਲ ਤੱਕ ਖਸਤਾ ਹਾਲ ਸੜਕ ਕਾਰਨ ਲੋਕ ਪ੍ਰੇਸ਼ਾਨ
ਐੱਨਪੀ ਧਵਨ
ਪਠਾਨਕੋਟ, 28 ਜੂਨ
ਨੰਗਲਭੂਰ ਤੋਂ ਮੀਰਥਲ ਤੱਕ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਪਿੰਡ ਘਿਆਲਾ ਸਮੇਤ ਇਸ ਸੜਕ ’ਤੇ ਪੈਂਦੇ 12 ਪਿੰਡਾਂ ਦੇ ਵਾਸੀਆਂ ਨੇ ਮੰਡੀਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸੜਕ ਮੀਂਹ ਕਾਰਨ ਬਹੁਤ ਖਸਤਾ ਹਾਲਤ ਵਿੱਚ ਹੈ ਅਤੇ ਇਸ ਵੱਲ ਹੁਣ ਤੱਕ ਕਿਸੇ ਵੀ ਸਬੰਧਤ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ। ਸਥਾਨਕ ਵਾਸੀ ਪੰਕਜ ਸਿੰਘ, ਗੋਲਡੀ, ਵਰੁਣ, ਵਿਸ਼ੂ, ਵਿਵੇਕ ਠਾਕੁਰ ਅਤੇ ਹਰਬੰਸ ਲਾਲ ਨੇ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਇਹ ਸੜਕ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਜਗ੍ਹਾ-ਜਗ੍ਹਾ ਡੂੰਘੇ ਟੋਏ, ਉਖੜੀ ਹੋਈ ਸੜਕ ਦੀ ਪਰਤ ਅਤੇ ਪਾਣੀ ਖੜ੍ਹਨ ਕਾਰਨ ਇਸ ਸੜਕ ’ਤੇ ਆਉਣਾ ਬਹੁਤਾ ਔਖਾ ਹੈ। ਰੋਜ਼ਾਨਾ ਲੋਕ ਕਾਫੀ ਗਿਣਤੀ ਵਿੱਚ ਇਸ ਸੜਕ ਤੋਂ ਲੰਘਦੇ ਹਨ ਜਿਨ੍ਹਾਂ ਵਿੱਚ ਸਕੂਲੀ ਬੱਚੇ, ਬਜ਼ੁਰਗ, ਔਰਤਾਂ ਅਤੇ ਮਰੀਜ਼ ਵੀ ਸ਼ਾਮਲ ਹਨ। ਇਸ ਦੇ ਬਾਵਜੂਦ ਨਾ ਤਾਂ ਮੰਡੀਬੋਰਡ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਚੁੱਕਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਸੜਕ ’ਤੇ ਕਰੀਬ 7 ਸਕੂਲ ਅਤੇ ਇੱਕ ਸਿਹਤ ਕੇਂਦਰ (ਪੀਐਚਸੀ) ਸਥਿਤ ਹੈ। ਖਰਾਬ ਸੜਕ ਕਾਰਨ ਬੱਚਿਆਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਗਈ ਹੈ ਅਤੇ ਸਿਹਤ ਸੇਵਾਵਾਂ ਵੀ ਇਸ ਸੜਕ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਜਲਦੀ ਹੀ ਇਸ ਸੜਕ ਨੂੰ ਨਾ ਬਣਾਇਆ ਗਿਆ ਤਾਂ ਉਹ ਸੰਘਰਸ਼ ਸ਼ੁਰੂ ਕਰ ਦੇਣਗੇ।