ਨੂਰਦੀ ਸੜਕ ’ਤੇ ਸੀਵਰੇਜ ਦਾ ਪਾਣੀ ਖੜ੍ਹਨ ਕਾਰਨ ਲੋਕ ਪ੍ਰੇਸ਼ਾਨ
ਬਿਮਾਰੀਆਂ ਫੈਲਣ ਦਾ ਖ਼ਤਰਾ; ਪ੍ਰਸ਼ਾਸਨ ਤੋਂ ਸਮੱਸਿਆ ਦਾ ਹੱਲ ਮੰਗਿਆ
Advertisement
ਇੱਥੋਂ ਦੀ ਨੂਰਦੀ ਰੋਡ ’ਤੇ ਸੀਵਰੇਜ ਬੰਦ ਹੋਣ ਕਾਰਨ ਸੜਕ ’ਤੇ ਗੰਦਾ ਪਾਣੀ ਖੜ੍ਹਨ ਕਰਕੇ ਸਥਾਨਕ ਵਸਨੀਕਾਂ ਤੇ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਇਸ ਸਮੱਸਿਆ ਦਾ ਸਾਹਮਣਾ ਬੀਤੇ ਤਿੰਨ ਸਾਲਾਂ ਤੋਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਹ ਮਾਮਲਾ ਕਈ ਵਾਰ ਹਾਕਮ ਧਿਰ ਦੇ ਆਗੂਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਉਨ੍ਹਾਂ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਮਿਲਿਆ। ਇੱਥੋਂ ਦੇ ਪਾਰਕ ਐਵੇਨਿਊ ਦੇ ਵਾਸੀਆਂ ਵਲੋਂ ਸਾਂਝੇ ਕੰਮਾਂ ਲਈ ਗਠਿਤ ਕੀਤੀ ਪਾਰਕ ਐਵੇਨਿਊ ਸੋਸ਼ਲ ਵੈੱਲਫੇਅਰ ਸੁਸਾਇਟੀ ਤਰਨ ਤਾਰਨ ਦੇ ਚੇਅਰਮੈਨ ਜਸਵਿੰਦਰ ਸਿੰਘ ਤੋਂ ਇਲਾਵਾ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਤਿੰਨ ਸਾਲਾਂ ਤੋਂ ਸੀਵਰੇਜ ਬੰਦ ਹੋਣ ਕਾਰਨਗੰਦਾ ਪਾਣੀ ਸੜਕ ’ਤੇ ਖੜ੍ਹਾ ਹੋਣ ਕਾਰਨ ਜਿੱਥੇ ਬਦਬੂ ਆਉਂਦੀ ਹੈ ਉਥੇ ਹੀ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਸੜਕ ’ਤੇ ਖੜ੍ਹੇ ਗੰਦੇ ਪਾਣੀ ਵਿੱਚੋਂ ਲੰਘਦੇ ਚਾਰ ਪਹੀਆ ਵਾਹਨਾਂ ਦੀਆਂ ਛੱਲਾਂ ਨਾਲ ਆਉਂਦੇ ਜਾਂਦੇ ਪੈਦਲ ਯਾਤਰੀਆਂ ਅਤੇ ਦੋ ਪਹੀਆ ਵਾਹਨਾਂ ਵਾਲਿਆਂ ’ਤੇ ਪੈ ਜਾਣ ਕਰਕੇ ਉਨ੍ਹਾਂ ਦੇ ਕੱਪੜੇ ਖਰਾਬ ਹੋ ਜਾਂਦੇ ਹਨ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਬੰਧਕ ਅਤੇ ਐੱਸਡੀਐੱਮ ਅਰਵਿੰਦਰਪਾਲ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਵਟਸਐਪ ’ਤੇ ਭੇਜੇ ਸੁਨੇਹਿਆਂ ਦਾ ਵੀ ਜਵਾਬ ਨਹੀਂ ਦਿੱਤਾ ਗਿਆ|
Advertisement
Advertisement