ਸੀਵਰੇਜ ਜਾਮ ਹੋਣ ਕਾਰਨ ਲੋਕ ਪ੍ਰੇਸ਼ਾਨ
ਤਰਨ ਤਾਰਨ ਸ਼ਹਿਰ ਦੀ ਮੁੱਖ ਸੜਕ ਨੂੰ ਬਾਠ ਐਵੇਨਿਊ, ਮਹਿੰਦਰਾ ਐਵੇਨਿਊ ਤੇ ਇਕਬਾਲ ਐਵੇਨਿਊ ਆਦਿ ਆਬਾਦੀਆਂ ਨਾਲ ਜੋੜਦੀ ਸੜਕ ’ਤੇ ਜਾਮ ਹੁੰਦੇ ਸੀਵਰੇਜ ਨੇ ਲੋਕਾਂ ਦਾ ਜਿਊਣਾ ਮੁਹਾਲ ਕਰਕੇ ਰੱਖ ਦਿੱਤਾ ਹੈ| ਬਾਠ ਐਵੇਨਿਊ ਦੇ ਵਾਸੀਆਂ ਵਲੋਂ ਗਠਿਤ ਕੀਤੀ ਭਲਾਈ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ, ਸਟਾਲਿਨਜੀਤ ਸਿੰਘ ਸੰਧੂ, ਕੁਲਵੰਤ ਸਿੰਘ ਤੇ ਪਰਵਿੰਦਰ ਸਿੰਘ ਨਾਗੋਕੇ ਆਦਿ ਨੇ ਦੱਸਿਆ ਕਿ ਬੀਤੇ ਕਰੀਬ 10 ਮਹੀਨਿਆਂ ਜਾਮ ਹੁੰਦੇ ਇਸ ਸੀਵਰੇਜ ਨੂੰ ਠੀਕ ਕਰਨ ਲਈ ਉਹ ਅਨੇਕਾਂ ਵਾਰ ਸਥਾਨਕ ਮਿਉਂਸਿਪਲ ਕੌਂਸਲ ਦੇ ਕਾਰਜਸਾਧਕ ਅਧਿਕਾਰੀ (ਈਓ) ਸਮੇਤ ਹੋਰਨਾਂ ਅਧਿਕਾਰੀਆਂ ਨੂੰ ਮਿਲੇ ਹਨ ਪਰ ਅਧਿਕਾਰੀਆਂ ਨੇ ਅੱਜ ਤੱਕ ਉਨ੍ਹਾਂ ਦੀ ਮੁਸ਼ਕਲ ਵੱਲ ਇਕ ਵਾਰ ਵੀ ਧਿਆਨ ਨਹੀਂ ਦਿੱਤਾ| ਗੁਰਪ੍ਰੀਤ ਸਿੰਘ ਮੰਨਣ ਤੇ ਹੋਰਨਾਂ ਕਿਹਾ ਕਿ ਇਸ ਚੋਕ ਕਰਦੇ ਸੀਵਰੇਜ ਦੇ ਗੰਦੇ ਪਾਣੀ ਦੀ ਬਦਬੂ ਜਿਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀ ਜਾ ਰਹੀ ਹੈ ਉਥੇ ਇਸ ਸੀਵਰੇਜ ਦਾ ਗੰਦਾ ਪਾਣੀ ਨੇ ਦੂਰ ਦੂਰ ਤੱਕ ਫੈਲ ਜਾਣ ਕਰਕੇ ਲੋਕਾਂ ਦਾ ਆਉਣਾ-ਜਾਣਾ ਵੀ ਮੁਸ਼ਕਲ ਕਰ ਦਿੱਤਾ ਹੈ। ਕਾਰਜ ਸਾਧਕ ਅਧਿਕਾਰੀ ਨਾਲ ਮੋਬਾਈਲ ’ਤੇ ਸੰਪਰਕ ਕਰਨ ’ਤੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ|