ਰਿਸ਼ਵਤ ਲੈਂਦਾ ਪਟਵਾਰੀ ਕਰਿੰਦੇ ਸਣੇ ਕਾਬੂ
ਜ਼ਮੀਨ ਨਾਲ ਸਬੰਧਤ ਜਮ੍ਹਾਂਬੰਦੀ ਰਿਕਾਰਡ ’ਚ ਸੋਧ ਕਰਨ ਲਈ ਮੰਗੇ ਸੀ ਵੀਹ ਹਜ਼ਾਰ ਰੁਪਏ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 5 ਮਾਰਚ
ਮਾਲ ਹਲਕਾ ਪਿੰਡ ਸ਼ਾਮਦੋ ਵਿੱਚ ਤਾਇਨਾਤ ਪਟਵਾਰੀ ਅਸ਼ੋਕ ਕੁਮਾਰ ਅਤੇ ਉਸ ਦੇ ਕਰਿੰਦੇ ਗੁਰਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ 20,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖਪੁਰਾ ਰਾਜਪੂਤਾਂ ਦੇ ਵਸਨੀਕ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਕੀਤੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਪਟਵਾਰੀ ਅਤੇ ਉਸ ਦੇ ਸਾਥੀ (ਏਜੰਟ) ਨੇ ਸ਼ਿਕਾਇਤਕਰਤਾ ਦੀ ਜ਼ਮੀਨ ਨਾਲ ਸਬੰਧਤ ਜਮ੍ਹਾਂਬੰਦੀ ਰਿਕਾਰਡ ਵਿੱਚ ਸੋਧ ਲਈ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਲਾਏ ਦੋਸ਼ਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਸਣੇ ਉਸ ਦੇ ਕਾਰਿੰਦੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।

