ਬਿਜਲੀ ਗੁੱਲ ਹੋਣ ਕਾਰਨ ਪਠਾਨਕੋਟ ਵਾਸੀ ਪ੍ਰੇਸ਼ਾਨ
ਪਠਾਨਕੋਟ, 12 ਜੂਨ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦਿਨ ਹੋਵੇ ਜਾਂ ਰਾਤ ਬਿਜਲੀ ਗੁੱਲ ਹੋਣ ਨਾਲ ਲੋਕਾਂ ਨੂੰ ਪ੍ਰੇਸ਼ਾਨ ਹੋਈ। ਬੀਤੀ ਰਾਤ ਮਨਵਾਲ ਏਰੀਆ ਵਿੱਚ ਬੀਤੇ 40 ਘੰਟੇ ਲਾਈਟ ਨਾ ਹੋਣ ਕਾਰਨ ਲੋਕਾਂ ਨੇ ਰਾਤ ਨੂੰ ਸੜਕ ’ਤੇ ਆ ਕੇ ਪਾਵਰਕੌਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤਾਂ ਅੱਜ ਦਿਨ ਸਮੇਂ ਲਮੀਨੀ ਏਰੀਆ ਦੇ ਲੋਕਾਂ ਨੇ ਢਾਂਗੂ ਰੋਡ ਸਥਿਤ ਪਾਵਰਕੌਮ ਦਾ ਦਫਤਰ ਘੇਰਿਆ ਅਤੇ ਜਦ ਕੋਈ ਸੁਣਵਾਈ ਨਾ ਹੋਈ ਤਾਂ ਪਾਵਰਕੌਮ ਦਫਤਰ ਮੂਹਰੇ ਢਾਂਗੂ ਰੋਡ ’ਤੇ ਜਾਮ ਲਗਾ ਦਿੱਤਾ। ਪ੍ਰਦਰਸ਼ਕਾਰੀਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਲਾਕੇ ਵਿੱਚ 40 ਘੰਟਿਆਂ ਤੋਂ ਬਿਜਲੀ ਬੰਦ ਹੈ। ਪਾਵਰਕੌਮ ਦਫਤਰ ਤਾਂ ਕੀ ਅਧਿਕਾਰੀਆਂ ਨੂੰ ਵੀ ਵਾਰ-ਵਾਰ ਫੋਨ ’ਤੇ ਸ਼ਿਕਾਇਤ ਕਰਨ ਦੇ ਬਾਵਜੂਦ ਇਲਾਕੇ ਵਿੱਚ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਜਾ ਰਹੀ। ਇਸ ਦੇ ਇਲਾਵਾ ਅੱਜ ਵਾਰਡ ਨੰਬਰ-6 ਇਲਾਕਾ ਲਮੀਨੀ ਵਾਸੀਆਂ ਨੇ ਬਿਜਲੀ ਗੁੱਲ ਹੋਣ ਦੇ ਰੋਸ ਵੱਜੋਂ ਪਹਿਲਾਂ ਪਾਵਰਕੌਮ ਦਾ ਈਸਟ ਦਫਤਰ ਘੇਰਿਆ ਜਦ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਪਾਵਰਕੌਮ ਦਫਤਰ ਗੇਟ ਅੱਗੇ ਢਾਂਗੂ ਰੋਡ ’ਤੇ ਜਾਮ ਲਗਾ ਕੇ ਪਾਵਰਕੌਮ ਖਿਲਾਫ ਨਾਅਰੇਬਾਜ਼ੀ ਕੀਤੀ। ਇਲਾਕਾ ਵਾਸੀ ਰਵੀ ਕੁਮਾਰ, ਸੋਮ ਰਾਜ, ਕਾਲੀ ਬਾਬਾ, ਵਿਜੇ ਕੁਮਾਰ ਆਦਿ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਬਿਜਲੀ ਦਾ ਇੰਨਾ ਬੁਰਾ ਹਾਲ ਹੈ ਕਿ 3 ਦਿਨ ਹੋ ਗਏ ਹਨ, ਇਲਾਕੇ ਦੀ ਬਿਜਲੀ ਬੰਦ ਪਈ ਹੈ, ਰਾਤ ਨੂੰ ਥੋੜ੍ਹੀ ਦੇਰ ਲਈ ਬਿਜਲੀ ਆਈ, 20 ਮਿੰਟ ਬਾਅਦ ਫਿਰ ਚਲੀ ਗਈ। ਤਦ ਤੋਂ ਲੈ ਕੇ ਹੁਣ ਤੱਕ 16 ਘੰਟੇ ਹੋ ਗਏ ਹਨ, ਬਿਜਲੀ ਬੰਦ ਹੋਏ ਨੂੰ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਉਨ੍ਹਾਂ ਦੇ ਇਲਾਕੇ ਵਿੱਚ ਬਿਜਲੀ ਨਾ ਆਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਦਫਤਰ ਵਿੱਚ ਧਰਨਾ ਦਿੱਤਾ ਜਾਵੇਗਾ।
ਜ਼ਿਆਦਾਤਰ ਏਰੀਆ ਵਿੱਚ ਕੇਬਲ ਸੜਨ ਦੇ ਮਾਮਲੇ ਦਿਨ ਬ ਦਿਨ ਵਧਦੇ ਜਾ ਰਹੇ ਹਨ। ਗੱਲ ਸੁਰੱਖਿਆ ਕਲੋਨੀ ਦੀ ਕਰੀਏ ਤਾਂ ਲੰਘੀ ਰਾਤ 12 ਵਜੇ 95 ਐੱਮਐੱਮ ਦੀ ਫੋਰਕੋਰ ਕੇਬਲ ਸੜ ਗਈ। ਜਿਸ ਤੋਂ ਰਾਤ ਭਰ ਬਿਜਲੀ ਬੰਦ ਰਹੀ। ਬਾਅਦ ਵਿੱਚ ਪਾਵਰਕੌਮ ਵੱਲੋਂ ਇਥੇ 150 ਐੱਮਐੱਮ ਦੀ ਕੇਬਲ ਪਾਉਣ ਬਾਅਦ ਦੁਪਹਿਰ 12:30 ਵਜੇ ਲਾਈਟ ਆਈ। ਸਿਵਲ ਹਸਪਤਾਲ ਦੇ ਪਿੱਛੇ, ਮੁਹੱਲਾ ਬਾਵਿਆਂ, ਮੁਹੱਲਾ ਕਾਜੀਪੁਰ ਵਿੱਚ ਰਾਤ 9:30 ਵਜੇ ਦੀ ਬੰਦ ਬਿਜਲੀ ਦੌਰਾਨ ਵਿਭਾਗ ਵੱਲੋਂ 2 ਵਾਰ ਕੇਬਲ ਪਾਉਣ ਦੇ ਬਾਵਜੂਦ ਅੱਧੇ ਘੰਟੇ ਬਾਅਦ ਹੀ ਫਿਰ ਤੋਂ ਪਟਾਕਾ ਪੈ ਗਿਆ। ਰਾਤ ਭਰ ਪ੍ਰੇਸ਼ਾਨ ਰਹਿਣ ਦੇ ਬਾਅਦ ਲੋਕਾਂ ਨੇ ਪਾਵਰਕੌਮ ਦਫਤਰ ਦੇਰਿਆ ਅਤੇ ਉਥੋਂ ਮੁਲਾਜ਼ਮਾਂ ਨੇ 150 ਐੱਮਐੱਮ ਦੀ ਕੇਬਲ ਲੈ ਕੇ ਪਾਈ ਤੇ ਫਿਰ ਇਲਾਕੇ ਵਿੱਚ ਬਿਜਲੀ ਸੁਚਾਰੂ ਕਰਵਾਈ ਜੋ ਦੁਪਹਿਰ 3:30 ਵਜੇ 18 ਘੰਟੇ ਬਾਅਦ ਆਈ। ਵਿਸ਼ਵਕਰਮਾ ਲਮੀਨੀ ਏਰੀਆ ਵਿੱਚ ਰਾਤ 10 ਵਜੇ ਕੇਬਲ ਸੜਨ ਨਾਲ ਰਾਤ ਤੋਂ ਦਿਨ ਸਮੇਂ ਦੁਪਹਿਰ ਬਾਅਦ ਤੱਕ ਬਿਜਲੀ ਬੰਦ ਰਹੀ। ਇਸੇ ਤਰ੍ਹਾਂ ਮਿਸ਼ਨ ਰੋਡ ਸਥਿਤ ਡੀਏਵੀ ਸਕੂਲ ਦੇ ਨਜ਼ਦੀਕ ਪਾਵਰਕੌਮ ਨੂੰ ਬਿਜਲੀ ਟਰਾਂਸਫਾਰਮਰ ਬਦਲਣਾ ਪਿਆ। ਮਿਸ਼ਨ ਰੋਡ ਤੇ ਰਾਤ 10:30 ਵਜੇ ਦੀ ਬੰਦ ਹੋਈ ਲਾਈਟ ਅੱਜ ਦੁਪਹਿਰ 1:30 ਵਜੇ ਦੇ ਬਾਅਦ ਆਈ। ਖਾਨਪੁਰ-ਸੁਜਾਨਪੁਰ ਰੋਡ ਤੇ ਕੇਬਲ ਸੜਨ ਨਾਲ ਰਾਤ 1:30 ਵਜੇ ਦੀ ਬੰਦ ਬਿਜਲੀ ਅੱਜ ਦੁਪਹਿਰ 1:30 ਵਜੇ ਆਈ। ਡਲਹੌਜ਼ੀ ਰੋਡ ਐੱਚਡੀਐੱਫਸੀ ਬੈਂਕ ਦੇ ਨਜ਼ਦੀਕ ਟਰਾਂਸਫਾਰਮਰ ਦੀ ਕੇਬਲ ਸੜਕ ਨਾਲ ਡਲਹੌਜ਼ੀ ਰੋਡ, ਖੁਸ਼ੀਨਗਰ ਏਰੀਆ ਦੀ ਬਿਜਲੀ ਰਾਤ 11:30 ਵਜੇ ਦੀ ਬੰਦ ਹੋ ਕੇ ਦੂਸਰੇ ਦਿਨ ਦੁਪਹਿਰ ਬਾਅਦ ਆਈ।