ਨਗਰ ਕੀਰਤਨ ਵਾਲੇ ਰੂਟ ’ਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ
ਵੱਖ ਵੱਖ ਜਥੇਬੰਦੀਆਂ ਨੇ ਪੱਤਰ ਸੌਂਪ ਕੇ ਠੇਕੇ ਬੰਦ ਰੱਖਣ ਦੀ ਕੀਤੀ ਸੀ ਮੰਗ
ਵਧੀਕ ਜ਼ਿਲ੍ਹਾ ਮੈਜਿਸਟਰੇਟ ਰੋਹਿਤ ਗੁਪਤਾ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ 7 ਅਕਤੂਬਰ ਅਤੇ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਮੌਕੇ 8 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਾਲੇ ਸਥਾਨਾਂ ਦੇ ਆਲੇ-ਦੁਆਲੇ ਪੈਂਦੇ 500 ਮੀਟਰ ਦੇ ਘੇਰੇ ਵਿੱਚ ਅਤੇ 7 ਅਕਤੂਬਰ ਨੂੰ ਨਗਰ ਕੀਰਤਨ ਵਾਲੇ ਰੂਟ/ਰਸਤਿਆਂ ਵਿੱਚ 100 ਮੀਟਰ ਆਲੇ-ਦੁਆਲੇ ਸ਼ਰਾਬ ਦੀਆਂ ਦੁਕਾਨਾਂ/ਠੇਕੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਹੁਕਮ ਸਿਗਰਟ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਆਂਡਾ ਮੀਟ ਦੀਆਂ ਦੁਕਾਨਾਂ ’ਤੇ ਵੀ ਲਾਗੂ ਹੋਣਗੇ। ਦੱਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਨੇ ਇਸ ਸਬੰਧੀ ਮੰਗ ਪੱਤਰ ਦੇ ਕੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ 7 ਅਕਤੂਬਰ ਅਤੇ 8 ਅਕਤੂਬਰ ਵਾਲੇ ਦਿਨ ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਸੀ।
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਵੀ 7 ਅਕਤੂਬਰ ਨੂੰ ਡਰਾਈ ਡੇਅ ਐਲਾਨਣ ਅਤੇ ਆਂਡਾ, ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਵੀ ਕੀਤੀ ਸੀ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਮੰਗ ਪੱਤਰ ਸਵੀਕਾਰ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ। ਸ਼ਹਿਰ ਵਿੱਚ ਨਗਰ ਕੀਰਤਨ ਦੇ ਮੱਦੇਨਜ਼ਰ ਵਿਆਪਕ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਬਾਜ਼ਾਰਾਂ ਵਿੱਚ ਵਿਸ਼ੇਸ਼ ਤੌਰ ’ਤੇ ਸਾਫ਼-ਸਫ਼ਾਈ ਕਰਵਾਈ ਜਾ ਰਹੀ ਹੈ ਅਤੇ ਸੰਗਤ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।

