ਗੈਂਗਸਟਰਾਂ ਦੇ ਦੋ ਗੁੱਟਾਂ ਵਿਚਾਲੇ ਫਾਇਰਿੰਗ ’ਚ ਇੱਕ ਹਲਾਕ
ਇੱਥੇ ਖੰਡਵਾਲਾ ਇਲਾਕੇ ’ਚ ਦੋ ਗੁੱਟਾਂ ਵਿਚਾਲੇ ਚੱਲੀ ਗੋਲੀ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ’ਚੋਂ ਇੱਕ ਦੀ ਅੱਜ ਮੌਤ ਹੋ ਗਈ। ਇਸ ਦੌਰਾਨ ਮੌਕੇ ਤੋਂ ਭੱਜ ਰਹੇ ਮੁਲਜ਼ਮ ਵੱਲੋਂ ਪੁਲੀਸ ’ਤੇ ਵੀ ਗੋਲੀ ਚਲਾਈ ਗਈ। ਸਵੈ-ਰੱਖਿਆ ਲਈ ਪੁਲੀਸ ਵੱਲੋਂ ਕੀਤੇ ਫਾਇਰ ਦੌਰਾਨ ਇੱਕ ਮੁਲਜ਼ਮ ਦੀ ਲੱਤ ’ਤੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਜਦੋਂਕਿ ਉਸ ਦੇ ਜ਼ਖ਼ਮੀ ਸਾਥੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਜ਼ਖ਼ਮੀ ਮੁਲਜ਼ਮ ਦੀ ਪਛਾਣ ਨਿਖਿਲ ਚਾਹਲ ਅਤੇ ਦੂਜੇ ਸਾਥੀ ਦੀ ਵਿਕਰਮਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਦੋ ਗੈਂਗਸਟਰ ਗੁੱਟਾਂ ਵਿਚਾਲੇ ਝਗੜਾ ਸੀ ਜਿਨ੍ਹਾਂ ਵਿੱਚ ਇੱਕ ਜੱਗੂ ਭਗਵਾਨਪੁਰੀਆ ਗੈਂਗ ਜਦ ਕਿ ਦੂਜਾ ਗੁੱਟ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਗੈਂਗ ਦੇ ਸਾਥੀ ਸਨ। ਦੋਵਾਂ ਗੁੱਟਾਂ ਵਿਚਾਲੇ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਅਤੇ ਦੋਵੇਂ ਪਾਸਿਓਂ ਗੋਲੀ ਚਲਾਈ ਗਈ।
ਡੀਸੀਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।