ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 13 ਜੁਲਾਈ
ਸਥਾਨਕ ਜੋਤੀਸਰ ਕਲੋਨੀ ਵਿੱਚ ਸਥਿਤ ਐੱਨਆਰਆਈ ਪੱਤਰਕਾਰ ਕੰਵਲਜੀਤ ਸਿੰਘ ਦੇ ਬੰਦ ਪਏ ਘਰ ਦਾ ਬਿਜਲੀ ਦਾ ਬਿੱਲ 33500 ਦੇ ਆਇਆ ਹੈ। ਵਤਨੋਂ ਪਾਰ ਪੰਜਾਬੀ ਟੀਵੀ ਅਤੇ ਨਿਊਜ਼ ਟਰਾਂਟੋ ਦੇ ਪੱਤਰਕਾਰ ਕੰਵਲਜੀਤ ਸਿੰਘ ਕੰਵਲ ਦੀ ਪਤਨੀ ਗੁਰਮੀਤ ਕੌਰ ਕੰਵਲ ਨੇ ਦੱਸਿਆ ਕਿ ਉਹ ਕੈਨੇਡਾ ਤੋਂ 11 ਮਹੀਨੇ ਬਾਅਦ ਆਪਣੇ ਪਰਿਵਾਰ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਜਾਣ ਕਾਰਨ ਪਰਤੀ ਹੈ। ਉਨ੍ਹਾਂ ਦੇ ਘਰ ਦੇ ਬਿਜਲੀ ਦਾ ਬਿੱਲ 33,500 ਰੁਪਏ ਭੁਗਤਾਨ ਕਰਨ ਦਾ ਆਦੇਸ਼ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਜਦੋਂ ਕੈਨੇਡਾ ਵਿੱਚ ਸਨ ਤਾਂ ਉਸ ਸਮੇਂ ਵੀ ਅਜਿਹਾ ਹੀ ਹੋਇਆ ਸੀ। ਜਿਸ ਦੀ ਸ਼ਿਕਾਇਤ ਵੀ ਬਿਜਲੀ ਵਿਭਾਗ ਦੇ ਰਿਕਾਰਡ ਵਿੱਚ ਦਰਜ ਹੈ। ਗੁਰਮੀਤ ਕੌਰ ਕੰਵਲ ਨੇ ਮੁੱਖ ਮੰਤਰੀ, ਬਿਜਲੀ ਮੰਤਰੀ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਜੰਡਿਆਲਾ ਗੁਰੂ ਦੇ ਅਧਿਕਾਰੀਆਂ ਦੇ ਨਾਂ ਲਿਖੇ ਖੁੱਲ੍ਹੇ ਪੱਤਰ ਵਿੱਚ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿਸੇ ਨੇ ਉਨ੍ਹਾਂ ਦੇ ਕਨੈਕਸ਼ਨ ’ਤੇ ‘ਕੁੰਡੀ ਕਨੈਕਸ਼ਨ’ ਲਗਾ ਕੇ ਚਲਾਇਆ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਬਿਜਲੀ ਵਿਭਾਗ ਦੀ ਹੈ। ਪੀੜਤ ਪਤੀ ਪਤਨੀ ਨੇ ਇਨਸਾਫ ਦੀ ਮੰਗ ਕੀਤੀ ਹੈ।
ਬਿੱਲ ਦੀ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ:ਐੱਸਡੀਓ
ਐੱਸਡੀਓ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਹੀ ਵਟਸਐਪ ’ਤੇ ਮੈਸੇਜ ਮਿਲਿਆ ਹੈ ਅਤੇ ਇਸ ਬਿੱਲ ਦੀ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ ਅਤੇ ਜੇ ਇਸ ਬਿੱਲ ਦੀ ਰੀਡਿੰਗ ਗਲਤ ਹੋਈ ਜਾਂ ਬਿੱਲ ਗਲਤ ਬਣਿਆ ਹੋਇਆ ਤਾਂ ਉਹ ਦਰੁੱਸਤ ਕੀਤਾ ਜਾਵੇਗਾ ਅਤੇ ਜੇ ਇਹ ਸਭ ਠੀਕ ਹੋਇਆ ਤਾਂ ਖਪਤਕਾਰ ਨੂੰ ਇਸ ਬਿੱਲ ਦਾ ਭੁਗਤਾਨ ਕਰਨਾ ਪਵੇਗਾ।