ਕੰਮ ਨਾ ਮਿਲਣ ’ਤੇ ਨਰੇਗਾ ਵਰਕਰਾਂ ਨੇ ਪੀਪੇ ਖੜਕਾਏ
ਇਸ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਨਰੇਗਾ ਵਰਕਰਾਂ ਨੂੰ ਬੀਤੇ ਤਿੰਨ ਸਾਲਾਂ ਤੋਂ ਕੰਮ ਨਹੀਂ ਮਿਲ ਰਿਹਾ ਜਿਸ ਕਾਰਨ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਇਲਾਕੇ ਦੇ ਪਿੰਡ ਵਾਂ ਵਿਚ ਖਾਲੀ ਪੀਪੇ ਖੜਕਾ ਕੇ ਅੱਜ ਰੋਸ ਵਿਖਾਵਾ ਕੀਤਾ| ਵਰਕਰਾਂ ਨੇ ਕੰਮ ਦੇਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ| ਵਿਖਾਵੇ ਵਿੱਚ ਔਰਤ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ| ਨਰੇਗਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸ਼ਕਰੀ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਸੁਰਸਿੰਘ, ਵਾਂ ਨਾਰਲੀ, ਦਿਆਲਪੁਰਾ, ਕੀੜੀਆਂ, ਠੱਠੀਆਂ ਮਹੰਤਾਂ, ਭੋਜੀਆਂ, ਠੱਠਾ ਆਦਿ ਦੇ ਨਰੇਗਾ ਵਰਕਰ ਪਿੰਡਾਂ ਵਿੱਚ ਉਨ੍ਹਾਂ ਨੂੰ ਕੰਮ ਨਾ ਦੇਣ ਖਿਲਾਫ਼ ਬੀਤੇ ਤਿੰਨ ਸਾਲਾਂ ਤੋਂ ਡਿਪਟੀ ਕਮਿਸ਼ਨਰ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਧਰਨੇ ਤੱਕ ਵੀ ਲਗਾ ਚੁੱਕੇ ਹਨ| ਇਸ ਦੇ ਬਾਵਜੂਦ ਉਨ੍ਹਾਂ ਨੂੰ ਲਾਰੇ ਲਗਾਏ ਜਾ ਰਹੇ ਹਨ ਜਿਸ ਕਰਕੇ ਉਨ੍ਹਾਂ ਦੇ ਘਰਾਂ ਅੰਦਰ ਆਟੇ ਵਲੇ ਪੀਪੇ ਖਾਲੀ ਹੋ ਗਏ ਹਨ| ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਹਾਕਮ ਧਿਰ ਦੇ ਇਸ਼ਾਰਿਆਂ ਤੇ ਨਰੇਗਾ ਕੰਮ ਦਾ ਪੂਰੀ ਤਰ੍ਹਾਂ ਨਾਲ ਰਾਜਸੀਕਰਨ ਕਰ ਦਿੱਤਾ ਗਿਆ ਹੈ ਜਿਸ ਤਹਿਤ ਹਾਕਮ ਧਿਰ ਦੇ ਆਗੂ ਆਪਣੇ ਸਮਰਥਕਾਂ ਨੂੰ ਹੀ ਕੰਮ ਦੇ ਰਹੇ ਹਨ ਅਤੇ ਬਾਕੀ ਦੇ ਵੱਡੀ ਗਿਣਤੀ ਵਰਕਰਾਂ ਨੂੰ ਕੰਮ ਨਾ ਦੇਣ ’ਤੇ ਬੇਰੁਜ਼ਗਾਰੀ ਭੱਤਾ ਤੱਕ ਵੀ ਨਹੀਂ ਦਿੱਤਾ ਜਾ ਰਿਹਾ| ਇਸ ਮੌਕੇ ਜਥੇਬੰਦੀ ਦੇ ਬਾਦਲ ਸਿੰਘ, ਅਰੂੜ ਸਿੰਘ, ਜਗਵਿੰਦਰ ਸਿੰਘ, ਮਨਦੀਪ ਸਿੰਘ, ਸੁਖਵਿੰਦਰ ਕੌਰ, ਸੁਮਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਬੀਤੇ ਤਿੰਨ ਸਾਲਾਂ ਦੌਰਾਨ ਕੰਮ ਨਾ ਦੇਣ ਤੇ ਉਨ੍ਹਾਂ ਦਾ ਬਣਦਾ ਬੇਰੁਜ਼ਗਾਰੀ ਭੱਤਾ ਦੇਣ ਦੀ ਮੰਗ ਕੀਤੀ|