ਹੜ੍ਹ ਪ੍ਰਭਾਵਿਤ ਕੋਈ ਵੀ ਪਿੰਡ ਮਹਾਮਾਰੀ ਦੀ ਮਾਰ ਹੇਠ ਨਹੀਂ: ਧਾਲੀਵਾਲ
ਅਜਨਾਲਾ/ਰਮਦਾਸ (ਸੁਖਦੇਵ ਸਿੰਘ ਸੁੱਖ/ਰਾਜਨ ਮਾਨ): ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਲਕੇ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਅਜੇ ਤੱਕ ਕਿਸੇ ਵਿਸ਼ੇਸ਼ ਬਿਮਾਰੀ ਦੀ ਮਹਾਮਾਰੀ ਦੀ ਸੂਚਨਾ ਨਹੀਂ ਹੈ, ਪਰ ਫਿਰ ਵੀ ਅੱਖਾਂ, ਚਮੜੀ ਦੇ ਰੋਗ ਫੈਲਣ ਦੀਆਂ ਮੁੱਢਲੀਆਂ ਸੂਚਨਾਵਾਂ ਹਨ। ਸਿਹਤ ਵਿਭਾਗ ਮੁਤਾਬਕ ਪ੍ਰਭਾਵਿਤ ਪਿੰਡਾਂ ਵਿੱਚ 1 ਲੱਖ ਦੇ ਕਰੀਬ ਲੋਕਾਂ ਦੇ ਸਰਵੇਖਣ ਵਿੱਚੋਂ 3 ਹਜ਼ਾਰ ਦੇ ਕਰੀਬ ਲੋਕ ਅੱਖਾਂ ਤੇ ਚਮੜੀ ਦੇ ਰੋਗ ਤੋਂ ਪ੍ਰਭਾਵਿਤ ਹਨ। ਉਨ੍ਹਾਂ ਪਿੰਡ ਨੰਗਲ, ਵੰਝਾਂਵਾਲਾ, ਚੱਕਫੂਲਾ, ਕਮੀਰਪੁਰਾ ਵਿਚ ਸਰਕਾਰੀ ਸਕੂਲਾਂ ਸਣੇ ਪਿੰਡਾਂ ਵਿੱਚ ਸਫ਼ਾਈ ਮੁਹਿੰਮ ਦੀ ਅਗਵਾਈ ਕਰਨ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਨਿਰਧਾਰਿਤ ਸਮੇਂ ਵਿੱਚ ਮੁਆਵਜ਼ਾ ਦੇਣ ਲਈ ਹਲਕਾ ਅਜਨਾਲਾ ਦੇ ਹੜ੍ਹਾਂ ਦੀ ਮਾਰ ਦੇ ਆਏ 100 ਪਿੰਡਾਂ ਸਮੇਤ ਸੂਬੇ ਭਰ ਦੇ 2400 ਦੇ ਕਰੀਬ ਪਿੰਡਾਂ ਵਿੱਚ 13 ਸਤੰਬਰ ਤੋਂ ਬਾਕਾਇਦਾ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਤਹਿਤ 75 ਫੀਸਦੀ ਤੋਂ ਵੱਧ ਫ਼ਸਲਾਂ ਦੇ ਨੁਕਸਾਨ ਵਾਲੇ ਪਿੰਡਾਂ ਵਿੱਚ 7 ਦਿਨਾਂ ਵਿੱਚ ਗਿਰਦਾਵਰੀ ਅਤੇ 75 ਫੀਸਦੀ ਤੋਂ ਘੱਟ ਵਾਲੇ ਪਿੰਡਾਂ ਵਿੱਚ 14 ਦਿਨਾਂ ਵਿੱਚ ਗਿਰਦਾਵਰੀ ਦੀਆਂ ਮੁਆਵਜ਼ੇ ਲਈ ਰਿਪੋਰਟਾਂ ਤਿਆਰ ਹੋ ਜਾਣਗੀਆਂ। ਇਸ ਤੋਂ ਇਲਾਵਾ ਤਹਿਸੀਲਦਾਰ, ਐੱਸਡੀਐੱਮ ਤੇ ਡਿਪਟੀ ਕਮਿਸ਼ਨਰ ਵੀ ਆਪਣੇ ਪੱਧਰ ’ਤੇ ਰਿਪੋਰਟਾਂ ਦੀ ਪੜਤਾਲ ਕਰਕੇ ਨਿਗਰਾਨ ਵਜੋਂ ਭੂਮਿਕਾ ਨਿਭਾਉਣਗੇ। ਗਿਰਦਾਵਰੀ ਲਈ ਹਲਕਾ ਅਜਨਾਲਾ ਦੇ ਪ੍ਰਭਾਵਿਤ ਪਿੰਡਾਂ ਵਿੱਚ 25 ਮਾਲ ਪਟਵਾਰੀਆਂ ਸਣੇ ਜ਼ਿਲ੍ਹੇ ਵਿੱਚ 196 ਪਟਵਾਰੀ ਤਾਇਨਾਤ ਕੀਤੇ ਗਏ ਹਨ। ਸ੍ਰੀ ਧਾਲੀਵਾਲ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਦੀ ਗਾਰ, ਰੇਤ ਤੇ ਸਫ਼ਾਈ ਸਮੱਸਿਆਵਾਂ ’ਚ ਘਿਰੇ ਹਲਕਾ ਅਜਨਾਲਾ ਦੇ 100 ਪਿੰਡਾਂ ਅਤੇ ਪੰਜਾਬ ਭਰ ਦੇ 2400 ਦੇ ਕਰੀਬ ਪਿੰਡਾਂ ’ਚ ਪ੍ਰਸ਼ਾਸਨ ਨੂੰ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਰਗਰਮ ਸਹਿਯੋਗ ਹਾਸਲ ਹੈ ਅਤੇ ਸਫ਼ਾਈ ਦਾ ਕੰਮ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੀ 10 ਦਿਨ੍ਹਾਂ ’ਚ ਨੇਪਰੇ ਚਾੜ੍ਹਨ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਅਜਨਾਲਾ ਹਲਕੇ ’ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਦੀ ਸਮਾਜ ਸੇਵੀ ਸੰਸਥਾ ‘ਸੰਨ ਫਾਊਂਡੇਸ਼ਨ’ ਤੇ ਵਰਲਡ ਪੰਜਾਬੀ ਆਰਗਨਾਈਜੇਸ਼ਨ ਵੱਲੋਂ 50 ਟਰੈਕਟਰ, 10 ਜੇਸੀਬੀ ਮਸ਼ੀਨਾਂ ਨਾਲ ਗਾਰ, ਰੇਤੇ ਤੇ ਕਚਰੇ ਦੀ ਸਫਾਈ ਲਈ ਮੁਹੱਈਆ ਕਰਵਾਈਆਂ ਹਨ।
ਪ੍ਰਭਾਵਿਤ ਪਿੰਡਾਂ ਨੂੰ ਇੱਕ-ਇੱਕ ਲੱਖ ਦੀ ਪਹਿਲੀ ਕਿਸ਼ਤ ਦੇਵਾਂਗੀ: ਕਟਾਰੂਚੱਕ
ਪਠਾਨਕੋਟ (ਐੱਨ ਪੀ ਧਵਨ): ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਅੰਦਰ ਸਫਾਈ ਕਾਰਜਾਂ ਵਿੱਚ ਹਿੱਸਾ ਲੈਣ ਮੌਕੇ ਪਿੰਡ ਖੋਜਕੀ ਚੱਕ ਵਿੱਚ ਕਿਹਾ ਕਿ ਹੜ੍ਹ ਪ੍ਰਭਾਵਿਤ ਹਰੇਕ ਪਿੰਡ ਨੂੰ ਸਾਫ-ਸਫਾਈ ਲਈ ਪੰਜਾਬ ਸਰਕਾਰ ਵੱਲੋਂ ਇੱਕ-ਇੱਕ ਲੱਖ ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਨੂੰ ਹੜ੍ਹਾਂ ਨੇ ਬਹੁਤ ਪ੍ਰਭਾਵਿਤ ਕੀਤਾ ਜਿਸ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਹੁਣ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਾਹਰ ਕੱਢਣ ਦੇ ਲਈ ਸਰਕਾਰ ਵਿਸ਼ੇਸ਼ ਉੁਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਇਹ ਡਰ ਬਣਿਆ ਹੋਇਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਮਹਾਮਾਰੀ ਨਾ ਫੈਲ ਜਾਵੇ ਜਿਸ ਕਰਕੇ ਉਸ ਖੇੇਤਰ ਦੀ ਸਫਾਈ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਗਿਆ ਹੈ ਕਿ ਹੜ੍ਹਾਂ ਤੋਂ ਬਾਅਦ ਅਸੀਂ ਬਿਮਾਰੀਆਂ ਤੋਂ ਕਿਵੇਂ ਬਚਾਓ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸਰਹੱਦੀ ਖੇਤਰ ਦੇ ਪਿੰਡਾਂ ਢੀਂਡਾ, ਭੁਪਾਲਪੁਰ, ਕੋਟਲੀ ਜਵਾਹਰ, ਪਲਾਹ, ਕੋਟ ਭੱਟੀਆਂ, ਬਲੋਤਰ, ਸਰੋਟਾ ਅਤੇ ਖੋਜਕੀ ਚੱਕ ਅੰਦਰ ਸਫਾਈ ਅਭਿਆਨ ਚਲਾਇਆ ਗਿਆ ਹੈ, ਫੌਗਿੰਗ ਮਸ਼ੀਨ ਨਾਲ ਫੌਗਿੰਗ ਕੀਤੀ ਜਾ ਰਹੀ ਹੈ ਅਤੇ ਸਪਰੇਅ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਸੁਰਿੰਦਰ ਸ਼ਾਹ, ਸੰਦੀਪ ਕੁਮਾਰ, ਸੂਬੇਦਾਰ ਕੁਲਵੰਤ ਸਿੰਘ, ਮੁਨੀਸ਼ ਗੁਪਤਾ ਸਰਪੰਚ ਬਮਿਆਲ, ਸੰਦੀਪ ਸਰਪੰਚ ਮਨਵਾਲ ਹਾਜ਼ਰ ਸਨ।