ਪ੍ਰਾਈਵੇਟ ਕਾਲਜ ਨਾਨ ਟੀਚਿੰਗ ਐਂਪਲਾਈਜ਼ ਯੂਨੀਅਨ ਨੇ ਅੱਜ ਇੱਥੇ ਬੀਬੀਕੇ ਡੀਏਵੀ ਕਾਲਜ ਵਿੱਚ ਆਪਣੀਆ ਮੰਗਾਂ ਦੇ ਹੱਕ ਵਿੱਚ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਛੇਵਾਂ ਤਨਖਾਹ ਕਮਿਸ਼ਨ ਜਾਰੀ ਕਰਨ ਦੀ ਮੰਗ ਕੀਤੀ।
ਜਥੇਬੰਦੀ ਦੇ ਪ੍ਰਧਾਨ ਰਮਨ ਕੁਮਾਰ ਅਤੇ ਸਕੱਤਰ ਸੁਖਬੀਰ ਕੌਰ ਨੇ ਕਿਹਾ ਕਿ ਡੀਏਵੀ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਨਾਨ ਟੀਚਿੰਗ ਕਰਮਚਾਰੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਦੇ ਰੋਸ ਵਜੋਂ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਵਿੱਚ ਬੀਬੀਕੇ ਡੀਏਵੀ ਕਾਲਜ ਵਿੱਚ ਵੀ ਨਾਨ ਟੀਚਿੰਗ ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਵਿੱਚ ਛੇਵਾਂ ਤਨਖਾਹ ਕਮਿਸ਼ਨ ਕਾਲਜ ਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਜਾਰੀ ਕਰਨਾ, ਤਰੱਕੀਆਂ ਦਾ ਨਿਯਮ ਲਾਗੂ ਕਰਨਾ, 10 ਤੋਂ 15 ਸਾਲ ਤੋਂ ਕੰਮ ਕਰ ਰਹੇ ਨਾਨ ਟੀਚਿੰਗ ਅਮਲੇ ਨੂੰ ਪੱਕਾ ਕਰਨ ਦੀ ਮੰਗ ਸ਼ਾਮਿਲ ਹੈ। ਉਨ੍ਹਾਂ ਆਖਿਆ ਕਿ ਜਥੇਬੰਦੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੜੀਵਾਰ ਅਣਮਿੱਥੇ ਸਮੇਂ ਲਈ ਧਰਨੇ ਦਿੱਤੇ ਜਾਣਗੇ। ਇਸ ਮੌਕੇ ਜਥੇਬੰਦੀ ਦੇ ਹੋਰ ਆਗੂ ਅਤੇ ਮੈਂਬਰ ਧਰਨੇ ਵਿੱਚ ਸ਼ਾਮਿਲ ਸਨ।