ਨਵ-ਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਪੱਟੀ ਇਲਾਕੇ ਦੇ ਪਿੰਡ ਸਰਾਲੀ ਮੰਡਾ ਵਿੱਚ ਨਵ-ਵਿਆਹੁਤਾ ਨੇ ਕੱਲ੍ਹ ਸਹੁਰੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ| 25 ਸਾਲ ਦੀ ਮ੍ਰਿਤਕਾ ਦੀ ਸ਼ਨਾਖ਼ਤ ਨਵਨੀਤ ਕੌਰ ਪੁੱਤਰੀ ਮਹਿੰਗਾ ਸਿੰਘ ਵਾਸੀ ਕੋਟ ਦੌਸੰਧੀ ਮੱਲ ਦੇ ਤੌਰ ’ਤੇ ਕੀਤੀ ਗਈ ਹੈ। ਉਸ ਦਾ ਅਜੇ ਚਾਰ ਮਹੀਨੇ ਪਹਿਲਾਂ ਹੀ ਸਰਾਲੀ ਮੰਡਾ ਦੇ ਵਾਸੀ ਹਰਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ| ਇਸ ਸਬੰਧੀ ਮਹਿੰਗਾ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਨੂੰ ਦਹੇਜ ਘੱਟ ਲੈ ਕੇ ਆਉਣ ਅਤੇ ਹੋਰਨਾਂ ਬਹਾਨਿਆਂ ਦੀ ਆੜ ਵਿੱਚ ਉਸ ਦੇ ਪਤੀ ਹਰਵਿੰਦਰ ਸਿੰਘ ਅਤੇ ਚਾਚਾ ਸਹੁਰਾ ਦਿਲਬਾਗ ਸਿੰਘ ਵੱਲੋਂ ਵਿਆਹ ਦੇ ਤੁਰੰਤ ਬਾਅਦ ਤੋਂ ਹੀ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਉਹ ਮਾਨਸਿਕ ਤੌਰ ’ਤੇ ਦੁਖੀ ਰਹਿੰਦੀ ਸੀ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਘਰ ਵਿੱਚ ਛੱਤ ਵਾਲੇ ਪੱਖੇ ਨੂੰ ਪਰਨਾ ਪਾ ਕੇ ਫਾਹਾ ਲੈ ਲਿਆ| ਪੁਲੀਸ ਚੌਕੀ ਕੈਰੋਂ ਦੇ ਇੰਚਾਰਜ ਏਐੱਸਆਈ ਬਲਬੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਮ੍ਰਿਤਕਾ ਦੇ ਪਤੀ ਹਰਵਿੰਦਰ ਸਿੰਘ ਅਤੇ ਚਾਚਾ ਸਹੁਰਾ ਦਿਲਬਾਗ ਸਿੰਘ ਖ਼ਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ| ਮ੍ਰਿਤਕਾ ਦੇ ਪਰਿਵਾਰ ਨੇ ਪੱਟੀ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਰ ਕੇ ਲਾਸ਼ ਦਾ ਅੱਜ ਪੋਸਟਮਾਰਟਮ ਨਹੀਂ ਕਰਵਾਇਆ ਜਾ ਸਕਿਆ| ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ|