ਐੱਨਸੀਬੀ ਅਤੇ ਬੀਐੱਸਐੱੱਫ ਵੱਲੋਂ ਹੁੱਕਾ ਪਰੋਸਣ ਵਾਲੇ ਰੈਸਤਰਾਂ ’ਤੇ ਛਾਪੇ
ਪਹਿਲੀ ਵਾਰ ਦੋ ਕੇਂਦਰੀ ਏਜੰਸੀਆਂ ਜਿਨ੍ਹਾਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਸੀਮਾ ਸੁਰੱਖਿਆ ਬਲ (ਬੀਐਸਐੱਫ) ਨੇ ਕਈ ਅਜਿਹੇ ਰੈਸਟੋਰੈਂਟਾਂ ’ਤੇ ਛਾਪੇ ਮਾਰੇ ਹਨ, ਜੋ ਕਥਿਤ ਤੌਰ ’ਤੇ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹੁੱਕਾ ਪਰੋਸ ਰਹੇ ਸਨ। ਛਾਪੇ ਦੌਰਾਨ ਉਨ੍ਹਾਂ ਨੇ ਉੱਥੋਂ ਸੱਤ ਹੁੱਕਾ ਬਰਾਮਦ ਕੀਤੇ ਹਨ। ਉਨ੍ਹਾਂ ਨੇ ਇਸ ਸਬੰਧ ਵਿਚ ਰਣਜੀਤ ਐਵੇਨਿਊ ਅਤੇ ਏਅਰਪੋਰਟ ਪੁਲੀਸ ਸਟੇਸ਼ਨਾਂ ਨੂੰ ਰੈਸਤਰਾਂ ਮਾਲਕਾਂ ਅਤੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕਰਨ ਲਈ ਕਿਹਾ। ਇਸ ਮਾਮਲੇ ਵਿੱਚ ਏਅਰਪੋਰਟ ਪੁਲੀਸ ਥਾਣੇ ਨੇ ਕੇਸ ਦਰਜ ਕੀਤਾ ਹੈ, ਜਦੋਂ ਕਿ ਰਣਜੀਤ ਐਵੇਨਿਊ ਪੁਲੀਸ ਨੇ ਵੀ ਅਪਰਾਧੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ।
ਐਨਸੀਬੀ ਦੇ ਇੱਕ ਅਧਿਕਾਰੀ ਨੇ ਛਾਪੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਛਾਪੇ ਦੌਰਾਨ ਰੈਸਟੋਰੈਂਟਾਂ ਦਾ ਸਟਾਫ ਮੌਕੇ ਤੋਂ ਭੱਜ ਗਿਆ ਸੀ, ਜਦੋਂ ਕਿ ਨਸ਼ੇ ਵਾਲਾ ਹੁੱਕਾ ਪੀ ਰਹੇ ਨੌਜਵਾਨਾਂ ਨੂੰ ਭਵਿੱਖ ਵਿੱਚ ਉਨ੍ਹਾਂ ਵਿਰੁੱਧ ਸਖ਼ਤ ਚਿਤਾਵਨੀ ਦੇਣ ਤੋਂ ਬਾਅਦ ਜਾਣ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਨੂੰ ਹਾਲ ਹੀ ਵਿੱਚ ਗੈਰ-ਕਾਨੂੰਨੀ ਹੁੱਕਾ ਬਾਰਾਂ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ, ਜੋ ਬਿਨਾਂ ਕਿਸੇ ਕਾਨੂੰਨੀ ਇਜਾਜ਼ਤ ਦੇ ਅਮੀਰ ਇਲਾਕਿਆਂ ਵਿੱਚ ਰੈਸਟੋਰੈਂਟ ਚਲਾ ਰਹੇ ਸਨ। ਇਸ ਤੋਂ ਬਾਅਦ ਐੱਨਸੀਬੀ ਅਤੇ ਬੀਐੱਸਐੱਫ ਦੀਆਂ ਟੀਮਾਂ ਨੇ ਸ਼ਨਿਚਰਵਾਰ ਰਾਤ ਨੂੰ ਰਣਜੀਤ ਐਵੇਨਿਊ ਅਤੇ ਏਅਰਪੋਰਟ ਰੋਡ ’ਤੇ ਤਿੰਨ ਰੈਸਟੋਰੈਂਟਾਂ ’ਤੇ ਛਾਪੇ ਮਾਰੇ ਸਨ। ਇਹ ਪੰਜਾਬ ਵਿੱਚ ਐੱਨਸੀਬੀ ਅਤੇ ਬੀਐੱਸਐੱਫ ਵੱਲੋਂ ਪਹਿਲੀ ਅਜਿਹੀ ਕਾਰਵਾਈ ਹੈ, ਇਸ ਘਟਨਾ ਨੇ ਸਥਾਨਕ ਪੁਲੀਸ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ।